ਪੱਤਰ ਪ੍ਰੇਰਕ
ਫਗਵਾੜਾ, 11 ਮਈ
ਪਿੰਡ ਮੌਲੀ ਦੇ ਵਾਸੀਆਂ ਨੇ ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਮੌਲੀ ਦੀ ਅਗਵਾਈ ’ਚ ਪਿੰਡ ਦੇ ਸਰਕਾਰੀ ਬੈਂਕ (ਬੈਂਕ ਆਫ਼ ਬੜੌਦਾ) ਦੇ ਸਟਾਫ਼ ਦੀ ਮਾੜੀ ਕਾਰਗੁਜ਼ਾਰੀ ਤੇ ਵਤੀਰੇ ਖਿਲਾਫ਼ ਦੋ ਘੰਟੇ ਬੈਂਕ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਬੈਂਕ ਦਾ ਸਟਾਫ਼ ਪੈਨਸ਼ਨਰਾਂ ਤੇ ਬਜ਼ੁਰਗਾਂ ਨੂੰ ਬੇਹੱਦ ਖੱਜਲ ਖੁਆਰ ਕਰਦਾ ਹੈ। ਜੋ ਅਨਪੜ੍ਹ ਬਜ਼ੁਰਗ ਹਨ ਉਨ੍ਹਾਂ ਦੇ ਫ਼ਾਰਮ ਭਰਨ ਦੀ ਥਾਂ ਸਗੋਂ ਤਾਅਨੇ ਮਾਰੇ ਜਾਂਦੇ ਹਨ। ਧਰਨਾਕਾਰੀਆਂ ਨੇ ਬੈਂਕ ਦੇ ਕਰਮਚਾਰੀਆਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਉਨ੍ਹਾਂ ਨੂੰ ਤੁਰੰਤ ਇਥੋਂ ਬਦਲਣ ਦੀ ਮੰਗ ਕੀਤੀ। ਇਸ ਦੌਰਾਨ ਐੱਸਐੱਚਓ ਸਤਨਾਮਪੁਰਾ ਜਤਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਬੈਂਕ ਦੇ ਮੈਨੇਜਰ ਨਿਤਿਨ ਨੇ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ ਦੌਰਾਨ ਭਰੋਸਾ ਦਿੱਤਾ ਕਿ ਜਿਹੜੇ ਤਿੰਨ ਕਰਮਚਾਰੀ ਉਨ੍ਹਾਂ ਨੂੰ ਖੱਜਲਖੁਆਰ ਕਰਦੇ ਹਨ ਉਨ੍ਹਾਂ ਦਾ ਤੁਰੰਤ ਤਬਾਦਲਾ ਕਰ ਦਿੱਤਾ ਜਾਵੇਗਾ। ਇਸ ਉਪਰੰਤ ਧਰਨਾ ਸਮਾਪਤ ਹੋਇਆ। ਇਸ ਮੌਕੇ ਸਤਨਾਮ ਸਿੰਘ ਲੰਬੜਦਾਰ, ਸੰਤੋਖ ਸਿੰਘ ਲੰਬੜਦਾਰ, ਅਮਰਜੀਤ ਸਿੰਘ ਸਾਬਕਾ ਸਰਪੰਚ, ਸੁੱਚਾ ਰਾਮ ਲੰਬੜਦਾਰ, ਮੱਖਣ ਸਿੰਘ, ਹੰਸਰਾਜ, ਦਵਿੰਦਰ ਕੌਰ ਪੰਚ, ਜਸਵੀਰ ਕੌਰ ਸ਼ਾਮਲ ਸਨ।