ਪੱਤਰ ਪ੍ਰੇਰਕ
ਫਗਵਾੜਾ, 2 ਮਾਰਚ
ਇਥੋਂ ਦੇ ਮੁਹੱਲਾ ਪੀਪਾਰੰਗੀ ਵਿੱਚ ਬਿਜਲੀ ਦੇ ਜ਼ਿਆਦਾ ਬਿੱਲ ਆਉਣ ਕਾਰਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਮੁਹੱਲੇ ’ਚ ਮੀਟਰ ਦੀ ਰੀਡਿੰਗ ਲੈ ਕੇ ਬਿੱਲ ਦੇਣ ਆਏ ਮੁਲਾਜ਼ਮਾਂ ਨੂੰ ਮੁਹੱਲਾ ਵਾਸੀਆਂ ਨੇ ਰੋਕ ਲਿਆ ਤੇ ਇਕੱਠੇ ਹੋ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮੁਹੱਲਾ ਵਾਸੀ ਰਾਣੀ, ਜਤਿੰਦਰ ਕੁਮਾਰ, ਪੁਨੀਤਾ ਦੇਵੀ, ਮਨੋਜ ਕੁਮਾਰ, ਰਮੇਸ਼ ਕੁਮਾਰ, ਦੀਸ਼ੋ ਤੇ ਬਿੱਲਾ ਨੇ ਦੱਸਿਆ ਕਿ ਅੱਜ ਬਿਜਲੀ ਵਿਭਾਗ ਵਲੋਂ ਮੁਹੱਲੇ ’ਚ ਜਦੋਂ ਰੀਡਿੰਗ ਲਈ ਗਈ ਤਾਂ ਜਿਨ੍ਹਾਂ ਘਰਾਂ ਦੇ ਬਿੱਲ ਕਰੀਬ 500 ਰੁਪਏ ਆਉਂਦੇ ਸਨ ਉਨ੍ਹਾਂ ਦਾ 10 ਹਜ਼ਾਰ ਤੇ ਕਿਸੇ ਦਾ 40 ਹਜ਼ਾਰ ਰੁਪਏ ਬਿੱਲ ਆਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਮੁਹੱਲਾ ਵਾਸੀਆਂ ਦੇ ਬਿੱਲ ਜ਼ਿਆਦਾ ਆਏ ਹਨ ਜਿਸ ਸਬੰਧੀ ਉਹ ਉੱਚ ਅਧਿਕਾਰੀਆਂ ਨੂੰ ਮਿਲ ਵੀ ਚੁੱਕੇ ਹਨ ਤੇ ਹੁਣ ਪਿਛਲੇ 8-9 ਮਹੀਨਿਆਂ ਤੋਂ ਇਹ ਬਿੱਲ ਲਗਾਤਾਰ ਜ਼ਿਆਦਾ ਆ ਰਹੇ ਹਨ ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਇਸ ਮਗਰੋਂ ਉਥੇ ਪਹੁੰਚੇ ਐੱਸ.ਐੱਚ.ਓ ਸਿਟੀ ਜੋਗਿੰਦਰ ਸਿੰਘ ਨੇ ਲੋਕਾਂ ਨਾਲ ਗੱਲਬਾਤ ਕੀਤੀ। ਮੌਕੇ ’ਤੇ ਵਿਭਾਗ ਦੇ ਸੁਪਰਵਾਈਜ਼ਰ ਕੁਲਦੀਪ ਕੁਮਾਰ ਨੇ ਮੁਹੱਲਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸਾਰੇ ਬਿੱਲਾਂ ਦੀ ਰੀਡਿੰਗ ਠੀਕ ਕਰਵਾ ਕੇ ਮਾਮਲੇ ਦਾ ਹੱਲ ਕਰਵਾਉਣਗੇ ਜਿਸ ਮਗਰੋਂ ਮੁਹੱਲਾ ਵਾਸੀ ਸ਼ਾਂਤ ਹੋਏ।