ਪਾਲ ਸਿੰਘ ਨੌਲੀ
ਜਲੰਧਰ, 8 ਜਨਵਰੀ
ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰੋਨਾ ਕਾਲ ’ਚ ਆਨਲਾਈਨ ਸਟੱਡੀ ਤੋਂ ਬਾਅਦ ਆਫਲਾਈਨ ਪ੍ਰੀਖਿਆ ਕਰਵਾਉਣ ਨੂੰ ਲੈ ਕੇ ਵਿਦਿਆਰਥੀਆਂ ਦੀ ਨਾਰਾਜ਼ਗੀ ਵਧਦੀ ਜਾ ਰਹੀ ਹੈ। ਅੱਜ ਇਕ ਵਾਰ ਫਿਰ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਡੀਸੀ ਕੰਪਲੈਕਸ ਦੇ ਬਾਹਰ ਯੂਨੀਵਰਸਿਟੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀਆਂ ਆਫਲਾਈਨ ਪ੍ਰੀਖਿਆ ਲੈਣ ਦੀ ਗੱਲ ਕਹਿ ਰਹੀਆਂ ਹਨ ਜਦਕਿ ਪ੍ਰੀਖਿਆ ਆਨਲਾਈਨ ਹੋਣੀਆਂ ਚਾਹੀਦੀਆਂ ਹਨ। ਜੇ ਪੜ੍ਹਾਈ ਆਨਲਾਈਨ ਹੋਈ ਹੈ ਤਾਂ ਪ੍ਰੀਖਿਆ ਵੀ ਆਨਲਾਈਨ ਹੋਣੀ ਚਾਹੀਦੀ। ਵਿਦਿਆਰਥੀਆਂ ਨੇ ਕਿਹਾ ਕਿ ਆਫਲਾਈਨ ਪ੍ਰੀਖਿਆ ਹੋਣ ਨਾਲ ਪ੍ਰੀਖਿਆ ਕੇਂਦਰਾਂ ’ਚ ਵਿਦਿਆਰਥੀਆਂ ਨੂੰ ਕਰੋਨਾਵਾਇਰਸ ਸੰਕ੍ਰਮਣ ਹੋਣ ਦਾ ਖਤਰਾ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਵੀ ਰੋਜ਼ਾਨਾ ਕੋਵਿਡ-19 ਦੇ ਮਰੀਜ਼ ਆ ਰਹੇ ਹਨ ਤੇ ਆਉਣ ਵਾਲੇ ਸੋਮਵਾਰ ਨੂੰ ਯੂਨੀਵਰਸਿਟੀ ਦੀਆਂ ਆਫਲਾਈਨ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਜੇ ਯੂਨੀਵਰਸਿਟੀ ਦੇ ਚਾਂਸਲਰ ਨੇ ਜਲਦ ਫੈਸਲਾ ਨਾ ਲਿਆ ਤਾਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
ਬਟਾਲਾ (ਹਰਜੀਤ ਸਿੰਘ ਪਰਮਾਰ): ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਪੁਰਾਣੇ ਸਿਸਟਮ ਨਾਲ 21 ਜਨਵਰੀ 2021 ਤੋਂ ਸ਼ੁਰੂ ਕਰਨ ਦੇ ਯੂਨੀਵਰਸਿਟੀਆਂ ਦੇ ਫ਼ੈਸਲੇ ਨੂੰ ਲੈ ਕੇ ਸਟੂਡੈਂਟਸ ਯੂਨੀਅਨ ਬਟਾਲਾ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਐਸਡੀਐਮ ਬਟਾਲਾ ਨੂੰ ਸੌਂਪ ਕੇ ਆਨਲਾਈਨ ਪ੍ਰੀਖਿਆ ਹੀ ਕਰਵਾਉਣ ਦੀ ਮੰਗ ਕੀਤੀ ਹੈ। ਵਿਦਿਆਰਥੀ ਆਗੂ ਜਗਜੋਤ ਸਿੰਘ ਸੰਧੂ ਦੀ ਅਗਵਾਈ ’ਚ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਐਸਡੀਐਮ ਦਫ਼ਤਰ ਬਟਾਲਾ ਦੇ ਬਾਹਰ ਪਹਿਲਾ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਦਾ ਖਤਰਾ ਅਜੇ ਟਲਿਆ ਨਹੀਂ ਸਗੋਂ ਕੋਰੋਨਾ ਦਾ ਦੂਜਾ ਰੂਪ ਸਾਹਮਣੇ ਆ ਰਿਹਾ ਹੈ। ਇਸ ਮੌਕੇ ਕਰਨ ਭਾਟੀਆ, ਕੋਮਲਪ੍ਰੀਤ ਕੌਰ, ਰਾਹੁਲ, ਸਾਹਿਲ, ਕਿਰਨਪ੍ਰੀਤ ਕੌਰ ,ਕਮਲ ਕੁਮਾਰ, ਜਤਿਨ ਢੱਲ, ਮੋਹਿਤ ਸ਼ਰਮਾ, ਪ੍ਰਤੀਤ ਕੌਰ, ਗਗਨਦੀਪ ਸਿੰਘ ,ਰਵਿੰਦਰ ਸਿੰਘ, ਉੱਤਮਪ੍ਰੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਚ ਵਿਦਿਆਰਥੀ ਹਾਜ਼ਰ ਸਨ।