ਹਰਪ੍ਰੀਤ ਕੌਰ
ਹੁਸ਼ਿਆਰਪੁਰ, 23 ਜੁਲਾਈ
ਕੇਂਦਰ ਸਰਕਾਰ ਵਲੋਂ ਖੁਰਾਕੀ ਵਸਤਾਂ ਅਤੇ ਸਿੱਖਿਆ ਨਾਲ ਸਬੰਧਤ ਸਾਮਾਨ ਨੂੰ ਜੀ.ਐੱਸ.ਟੀ. ਦੇ ਘੇਰੇ ਅੰਦਰ ਲਿਆਉਣ, ਘਰੇਲੂ ਗੈਸ ਮਹਿੰਗੀ ਕਰਨ, ਦਵਾਈਆਂ 30 ਪ੍ਰਤੀਸ਼ਤ ਤੋਂ ਵੀ ਵੱਧ ਮਹਿੰਗੀਆਂ ਕਰਨ, ਭਾਰਤੀ ਰੁਪਏ ਵਿੱਚ ਡਾਲਰ ਦੇ ਮੁਕਾਬਲੇ ਰਿਕਾਰਡ ਗਿਰਾਵਟ ਦੇ ਰੋਸ ਵਜੋਂ ਲੇਬਰ ਪਾਰਟੀ ਅਤੇ ਮਨਰੇਗਾ ਲੇਬਰ ਮੂਵਮੈਂਟ ਪੰਜਾਬ ਵੱਲੋਂ ਬਸੀ ਗੁਲਾਮ ਹੁਸੈਨ ਵਿੱਚ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਜੈ ਗੋਪਾਲ ਧੀਮਾਨ, ਨਿਰਮਲ ਕੌਰ ਅਤੇ ਸੋਨੂ ਮਹਿਤਪੁਰੀ ਦੀ ਅਗਵਾਈ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਜੈ ਗੋਪਾਲ ਧੀਮਾਨ ਨੇ ਕਿਹਾ ਕਿ ਸਰਕਾਰਾਂ ਨੇ ਆਮ ਲੋਕਾਂ ’ਤੇ ਮਹਿੰਗਾਈ ਦਾ ਬੋਝ ਪਾ ਕੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਆਰਥਿਕ, ਸਰੀਰਕ ਅਤੇ ਸਮਾਜਿਕ ਸੰਤੁਲਨ ਅਸਥਿਰਤਾ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇ ਸਾਧਨ ਘਟ ਰਹੇ ਹਨ ਅਤੇ ਲੋਕਾਂ ਦੇ ਖਰਚੇ ਵਧ ਰਹੇ ਹਨ ਜਿਸ ਕਾਰਨ ਲੋਕ ਮੂਲ ਸੰਵਿਧਾਨਕ ਅਧਿਕਾਰਾਂ ਤੋਂ ਪੂਰੀ ਤਰ੍ਹਾਂ ਦਰਕਿਨਾਰ ਹੋ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਿੰਗਾਈ ਵਿਰੁੱਧ ਲਾਮਬੰਦ ਹੋਣ ਤੇ ਲੇਬਰ ਪਾਰਟੀ ਨੂੰ ਸਹਿਯੋਗ ਕਰਨ ਲਈ ਅੱਗੇ ਆਉਣ। ਇਸ ਮੌਕੇ ਤਰਸੇਮ ਕੁਮਾਰ, ਧਰਮਪਾਲ, ਬਲਵਿੰਦਰ ਕੁਮਾਰ, ਹਰਪਾਲ ਸਿੰਘ, ਜਸਵੀਰ ਕੌਰ, ਸੁਰਜੀਤ ਕੌਰ, ਬਲਵੀਰ ਕੌਰ, ਮਨਜੀਤ ਕੌਰ, ਯੋਗਸ਼ ਚੰਦਰ, ਬਲਵਿੰਦਰ ਕੌਰ, ਕਮਲਜੀਤ ਕੌਰ, ਸੁਨੀਤਾ ਅਦਿ ਹਾਜ਼ਰ ਸਨ।