ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਜੂਨ
ਬਿਜਲੀ ਚੋਰੀ ਰੋਕਣ ਲਈ ਪਾਵਰਕੌਮ ਵੱਲੋਂ ਲੋਕਾਂ ਦੇ ਘਰਾਂ ਦੇ ਬਾਹਰ ਸਮਾਰਟ ਮੀਟਰ ਲਗਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਪ੍ਰਾਜੈਕਟ ਨੂੰ ਸਿਰ੍ਹੇ ਚਾੜ੍ਹਨ ਲਈ ਪਹਿਲਾਂ ਲੱਗੇ ਇਲੈਕਟ੍ਰਾਨਿਕ-ਮਕੈਨੀਕਲ ਮੀਟਰ ਉਤਾਰੇ ਜਾ ਰਹੇ ਹਨ ਤੇ ਉਸ ਦੀ ਥਾਂ ’ਤੇ ਸਮਾਰਟ ਮੀਟਰ ਲਾਏ ਜਾ ਰਹੇ ਹਨ। ਪਾਵਰਕੌਮ ਦੇ ਇੱਕ ਸਾਬਕਾ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਚੋਰੀ ਰੋਕਣ ਲਈ ਵਿਭਾਗ ਵੱਲੋਂ ਜਲੰਧਰ ਸਰਕਲ ’ਚ 10 ਹਜ਼ਾਰ ਸਮਾਰਟ ਮੀਟਰ ਲਾਏ ਜਾਣੇ ਸਨ। ਜਲੰਧਰ ’ਚ ਸਿਰਫ਼ ਪੰਜ ਹਜ਼ਾਰ ਮੀਟਰ ਲੱਗੇ ਹਨ। ਪਾਵਰਕੌਮ ਦੇ ਐਕਸੀਅਨ ਨੇ ਦੱਸਿਆ ਕਿ ਜਲੰਧਰ ਸਰਕਲ ’ਚ ਸਿਰਫ਼ 25000 ਮੀਟਰ ਰਹਿ ਗਏ ਹਨ, ਜਿਨ੍ਹਾਂ ਨੂੰ ਤਿੰਨ ਮਹੀਨੇ ਬਾਅਦ ਉਤਾਰ ਦਿੱਤਾ ਜਾਵੇਗਾ। ਮੀਟਰਾਂ ਤੋਂ ਲਈ ਜਾਣ ਵਾਲੀ ਰੀਡਿੰਗ ਆਪਟੀਕਲ ਪੋਰਟ ਤੋਂ ਲੈਣ ਦੀਆਂ ਹਦਾਇਤਾਂ ਕਰ ਦਿੱਤੀਆ ਗਈਆਂ ਹਨ। ਪਾਵਰਕਾਮ ਕੋਲ ਅਜਿਹੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਕਿ ਮੀਟਰ ਰੀਡਰ ਜਦੋਂ ਹੱਥ ਨਾਲ ਰੀਡਿੰਗ ਲੈਂਦੇ ਸਨ ਤੇ ਕਈ ਮੁਲਾਜ਼ਮ ਲੈ ਦੇ ਕੇ ਘੱਟ ਯੂਨਿਟਾਂ ਲਿਖ ਦਿੰਦੇ ਸਨ। ਪਾਵਰਕਾਮ ਨੇ ਬੜੀਆ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇ ਕੋਈ ਵੀ ਰੀਡਰ ਹੱਥ ਨਾਲ ਰੀਡਿੰਗ ਨਹੀਂ ਲਵੇਗਾ। ਉਲੰਘਣਾ ਕਰਨ ਵਾਲੇ ਰੀਡਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।