ਪਾਲ ਸਿੰਘ ਨੌਲੀ
ਜਲੰਧਰ, 7 ਮਈ
ਪਾਵਰਕੌਮ ਦੀ ਡਿਸਟ੍ਰੀਬਿਊਟਰ ਟੀਮ ਨੇ ਦੋ ਦਿਨਾਂ ਚ 330 ਡਿਫਾਲਟਰਾਂ ਕੋਲੋਂ 51 ਲੱਖ ਰੁਪਏ ਦੀ ਵਸੂਲੀ ਕੀਤੀ ਹੈ। ਬਿਜਲੀ ਸੰਕਟ ਦੇ ਨਾਲ-ਨਾਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਵਰਕੌਮ ਨੇ ਆਪਣੇ ਆਮਦਨ ਦੇ ਸਾਧਨਾਂ ਨੂੰ ਮਜ਼ਬੂਤ ਕਰਨ ਤੇ ਬਿਜਲੀ ਚੋਰੀ ਰੋਕਣ ਲਈ ਸਖਤ ਕਾਰਵਾਈ ਕਰਨ ਦੀ ਰਣਨੀਤੀ ਬਣਾਈ ਹੋਈ ਹੈ। ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਜਿਹੜੇ 70 ਦੇ ਕਰੀਬ ਡਿਫਾਲਟਰਾਂ ਨੇ ਬਿੱਲ ਦੀ ਰਕਮ ਜਮ੍ਹਾਂ ਨਹੀਂ ਕਰਵਾਈ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਪਾਵਰਕੌਮ ਨੇ ਉਨ੍ਹਾਂ ਉਪਭੋਗਤਾਵਾਂ ਨੂੰ ਨੋਟਿਸ ਭੇਜੇ ਹਨ ਜਿਨ੍ਹਾਂ ਵੱਲ 50 ਹਜ਼ਾਰ ਤੋਂ ਵੱਧ ਬਕਾਇਆ ਖੜ੍ਹਾ ਹੈ। ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਤੋਂ ਹੇਠਾਂ ਮੁਲਾਜ਼ਮਾਂ ਨੂੰ ਇਹ ਸਖਤ ਹਦਾਇਤਾਂ ਹਨ ਕਿ ਜਿਹੜੇ ਡਿਫਾਲਟਰਾਂ ਵੱਲ ਬਿਜਲੀ ਬਿੱਲ ਦਾ ਬਕਾਇਆ 5 ਲੱਖ ਰੁਪਏ ਤੱਕ ਹੈ ਉਨ੍ਹਾਂ ਦੇ ਜਿਥੇ ਕੁਨੈਕਸ਼ਨ ਕੱਟੇ ਜਾਣ ਉਥੇ ਨਾਲ ਹੀ ਮੀਟਰ ਵੀ ਉਤਾਰ ਲਿਆ ਜਾਵੇ। ਜ਼ਿਕਰਯੋਗ ਹੈ ਕਿ ਹਰ ਸਾਲ ਹਰ ਸਾਲ 1500 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਕਿਲੋਵਾਟ ਦੇ ਡਿਫਾਲਟਰਾਂ ਨੂੰ ਰਾਹਤ ਦਿੱਤੀ ਹੋਈ ਹੈ ਕਿਉਂਕਿ 31 ਦਸੰਬਰ 2021 ਤੱਕ ਜਿਨ੍ਹਾਂ ਵੱਲ ਬਕਾਇਆ ਖੜ੍ਹਾ ਸੀ ਉਨ੍ਹਾਂ ਨੂੰ ਮੁਆਫ਼ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪਾਵਰਕੌਮ ਨੇ ਲੰਘੇ ਹਫ਼ਤੇ ਬਿਜਲੀ ਚੋਰੀ ਦੇ ਤਿੰਨ ਵੱਡੇ ਮਾਮਲੇ ਫੜੇ ਸਨ ਤੇ ਉਨ੍ਹਾਂ ਨੂੰ 96 ਲੱਖ ਦਾ ਜੁਰਮਾਨਾ ਕੀਤਾ ਸੀ। ਪਾਵਰਕੌਮ ਦੇ ਇਨਫੋਰਸਮੈਂਟ ਵਿੰਗ ਨੇ ਮੀਟਰਾਂ ਨਾਲ ਛੇੜਖਾਨੀ ਕਰਨ ਵਾਲੇ ਉਪਭੋਗਤਾਵਾਂ ਵਿਰੁੱਧ ਵੀ ਸਖਤ ਕਾਰਵਾਈ ਆਰੰਭ ਦਿੱਤੀ ਹੈ। ਇਕ ਹਫ਼ਤੇ ਵਿਚ ਦਰਜਨ ਦੇ ਕਰੀਬ ਸ਼ੱਕ ਦੇ ਅਧਾਰ ’ਤੇ ਮੀਟਰ ਉਤਾਰੇ ਗਏ ਹਨ। ਪਾਵਰਕੌਮ ਨੇ ਜਲੰਧਰ ਦੇ ਅਮਨ ਨਗਰ ’ਚ 19 ਲੱਖ ਰੁਪਏ, ਬੁਲੰਦਪੁਰ ਪਿੰਡ ’ਚ 29 ਲੱਖ ਰੁਪਏ ਤੇ ਸੈਣੀ ਕਲੋਨੀ ਵਿਚ 48 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਛੁੱਟੀ ਵਾਲੇ ਦਿਨ ਸਨਅਤਾਂ ਨੂੰ ਬਿਜਲੀ ਦੇਣ ਦੀ ਤਿਆਰੀ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਮੌਸਮ ਵਿਚ ਆਈ ਨਰਮੀ ਤੇ ਐਤਵਾਰ ਨੂੰ ਸਰਕਾਰੀ ਦਫਤਰ ਬੰਦ ਰਹਿਣ ਕਾਰਨ ਪਾਵਰਕੌਮ ਨੇ ਬਿਜਲੀ ਦੀ ਸਪਲਾਈ ਸਨਅਤਾਂ ਨੂੰ ਦੇਣ ਦੀ ਤਿਆਰੀ ਕਰ ਲਈ ਹੈ। ਪਾਵਰਕੌਮ ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਦਲਜੀਤ ਸਿੰਘ ਗਰੇਵਾਲ ਨੇ ਇਥੋਂ ਦੇ ਕਾਰੋਬਾਰੀਆਂ ਨਾਲ ਮੀਟਿੰਗ ਕਰਕੇ ਐਤਵਾਰ ਨੂੰ ਬਿਜਲੀ ਦੇਣ ਦਾ ਭਰੋਸਾ ਦਿੱਤਾ ਹੈ। ਡਾਇਰੈਕਟਰ ਗਰੇਵਾਲ ਨੇ ਕਿਹਾ ਕਿ ਕੇਂਦਰੀ ਪੂਲ ਵਿZਚੋਂ ਬਿਜਲੀ ਲੈ ਕੇ ਪੰਜਾਬ ਨੂੰ ਬਿਜਲੀ ਕੱਟਾਂ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਵਰਕੌਮ ਜਿਹੜੀਆਂ ਨਿੱਜੀ ਕੰਪਨੀਆਂ ਕੋਲੋਂ ਬਿਜਲੀ ਖਰੀਦਦਾ ਹੈ ਉਨ੍ਹਾਂ ਨੂੰ ਪੂਰਾ ਭੁਗਤਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਵੀ ਪਾਵਰਕੌਮ ਨੂੰ ਇਕ ਹਜ਼ਾਰ ਕਰੋੜ ਦੀ ਸਬਸਿਡੀ ਦੀ ਰਕਮ ਕਿਸ਼ਤਾਂ ਦੇ ਰੂਪ ਵਿੱਚ ਦੇ ਦਿੱਤੀ ਹੈ। ਉਧਰ ਕਾਰੋਬਾਰੀ ਨਰਿੰਦਰ ਸਿੰਘ ਸੱਗੂ ਨੇ ਡਾਇਰੈਕਟਰ ਨਾਲ ਹੋਈ ਮੀਟਿੰਗ ਦੌਰਾਨ ਟਾਂਡਾ ਰੋਡ ਦੇ ਗਰਿੱਡ ਦੀ ਓਵਰਲੋਡਿੰਗ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਬਿਜਲੀ ਚਾਲੂ ਕਰਨ ਤੋਂ ਦੋ ਦਿਨ ਪਹਿਲਾਂ ਸਨਅਤਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਹ ਲੋੜੀਂਦੀ ਲੇਬਰ ਦਾ ਪ੍ਰਬੰਧ ਕਰ ਸਕਣ। ਇਸ ਮੌਕੇ ਗੁਰਸ਼ਰਨ ਸਿੰਘ ਤੇ ਵਿਜੇ ਤਲਵਾੜ ਸਮੇਤ ਹੋਰ ਸਨਅਤਕਾਰ ਵੀ ਹਾਜ਼ਰ ਸਨ।