ਪੱਤਰ ਪ੍ਰੇਰਕ
ਫਗਵਾੜਾ, 25 ਮਈ
ਸੰਯਕੁਤ ਕਿਸਾਨ ਮੋਰਚੇ ਵੱਲੋਂ 16 ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦਾ ਬਕਾਇਆ ਲੈਣ ਲਈ ਕਿਸਾਨ ਜਥੇਬੰਦੀਆਂ ਨੇ 26 ਮਈ ਨੂੰ ਫਗਵਾੜਾ ਜੀ.ਟੀ.ਰੋਡ ’ਤੇ ਚਾਰ ਘੰਟੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਇੱਕ ਦਿਨ ਲਈ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਹਰਮੀਤ ਸਿੰਘ ਕਾਦੀਆ ਨੇ ਦੱਸਿਆ ਕਿ ਪੰਜਾਬ ਦੇ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਨੇ ਇਹ ਮਾਮਲਾ ਹੱਲ ਕਰਵਾਉਣ ਲਈ ਪੱਤਰ ਜਾਰੀ ਕੀਤਾ ਹੈ ਜਿਸ ’ਚ 26 ਮਈ ਨੂੰ ਸ਼ਾਮ 4.30 ਵਜੇ ਜਲੰਧਰ ਵਿਖੇ ਮੀਟਿੰਗ ਰੱਖੀ ਗਈ ਹੈ। ਜਿਸ ’ਚ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਇਸ ਦੌਰਾਨ ਜੇ ਕੋਈ ਮਸਲਾ ਹੱਲ ਹੋ ਗਿਆ ਨਹੀਂ ਤਾਂ ਫਿਰ ਧਰਨਾ ਲਗਾਇਆ ਜਾਵੇਗਾ।
ਵਿੱਤ ਮੰਤਰੀ ਨਾਲ ਮੀਟਿੰਗ ਬਾਅਦ ਲਵਾਂਗੇ ਜ਼ਰੂਰੀ ਐਕਸ਼ਨ: ਕਾਦੀਆਂ
ਜਲੰਧਰ(ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ ਤੇ ਹਰਮੀਤ ਸਿੰਘ ਕਾਦੀਆਂ ਸਮੇਤ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗੰਨੇ ਦੇ ਬਕਾਏ ਲਈ 26 ਮਈ ਨੂੰ ਕਿਸਾਨਾਂ ਨਾਲ ਸਰਕਟ ਹਾਊਸ ਵਿਚ ਸ਼ਾਮ 4.30 ਵਜੇ ਮੀਟਿੰਗ ਸੱਦਣ ਕਾਰਨ ਇਹ ਧਰਨਾ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਟਿੰਗ ਵਿਚ ਕੋਈ ਹੱਲ ਨਹੀਂ ਨਿਕਲਦਾ ਤਾਂ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਜਾਵੇਗਾ।