ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 1 ਨਵੰਬਰ
ਪੋਸਟ ਮੈਟ੍ਰਿਕ ਸਕੀਮ ਦੇ ਘੁਟਾਲੇ ਦੇ ਸਬੰਧ ਵਿਚ ਅਕਾਲੀ ਦਲ ਵਲੋਂ ਫਗਵਾੜਾ ਵਿਖੇ 9 ਨਵੰਬਰ ਨੂੰ ਦਿੱਤੇ ਜਾ ਰਹੇ ਧਰਨੇ ਦੇ ਸਬੰਧ ਵਿਚ ਦੋਆਬਾ ਦੇ ਆਗੂਆਂ ਵਲੋਂ ਪਿੰਡ ਨੰਗਲ ਸਲਾਲਾ ਵਿਖੇ ਵਰਕਰਾਂ ਨਾਲ ਮੀਟਿੰਗ ਕਰਕੇ ਰੂਪ ਰੇਖਾ ਤਿਆਰ ਕੀਤੀ। ਇਸ ਮੌਕੇ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ (ਇਸਤਰੀ ਵਿੰਗ) ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਹਾਜ਼ਰ ਹੋਏ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਦਲਿਤ ਵਿਦਿਆਰਥੀਆਂ ਦੇ ਪੜ੍ਹਾਈ ਲਈ ਆਏ ਪੈਸਿਆਂ ਵਿਚ ਘੁਟਾਲਾ ਕੀਤਾ ਹੈ ਤੇ ਪੰਜਾਬ ਸਰਕਾਰ ਉਸ ਨੂੰ ਪਤਾ ਨਹੀਂ ਕਿਸ ਤਰ੍ਹਾਂ ਕਲੀਨ ਚਿੱਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ, ਗੁਰਪ੍ਰਤਾਪ ਸਿੰਘ ਵਡਾਲਾ ਤੇ ਪਵਨ ਕੁਮਾਰ ਟੀਨੂੰ 2 ਨਵੰਬਰ ਨੂੰ ਨਾਭਾ ਵਿਖੇ ਜਾ ਕੇ ਧਰਮਸੋਤ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਅਕਾਲੀ ਵਰਕਰਾਂ ਦੇ ਜੱਥੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ 9 ਨਵੰਬਰ ਨੂੰ ਫਗਵਾੜਾ ਵਿਖੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਧ ਧਾਲੀਵਾਲ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਫਗਵਾੜਾ ਵਿਖੇ ਰੋਸ ਮਾਰਚ ਵੀ ਕੱਢਿਆ ਜਾਵੇਗਾ ਜਿਸ ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹੋਣਗੇ। ਇਸ ਸਬੰਧ ਵਿਚ ਰੂਪ ਰੇਖਾ ਤਿਆਰ ਕਰ ਲਈ ਹੈ ਤੇ ਵਰਕਰਾਂ ਦੀਆਂ ਡਿਉੂਟੀਆਂ ਲਗਾ ਦਿੱਤੀਆਂ ਹਨ। ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਨਾਲ ਹੈ ਤੇ 5 ਨਵੰਬਰ ਦੇ ਬੰਦ ਵਿਚ ਅਕਾਲੀ ਦਲ ਬੰਦ ਵਿਚ ਸ਼ਾਮਿਲ ਹੋ ਕੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਰਹਿਣਗੇ। ਇਸ ਮੌਕੇ ਹਰਨਾਮ ਸਿੰਘ ਅਲਾਵਲਪੁਰ, ਧਰਮਪਾਲ ਲੇਸੜੀਵਾਲ, ਅਮਨਦੀਪ ਸਿੰਘ, ਗੁਰਦਿਆਲ ਸਿੰਘ ਨਿੱਝਰ, ਕੁਲਵਿੰਦਰ ਸਿੰਘ ਟੋਨਾ, ਮਲਕੀਤ ਸਿੰਘ ਦੋਲਤਪੁਰ ਤੇ ਇਲਾਕੇ ਦੇ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।