ਪੱਤਰ ਪ੍ਰੇਰਕ
ਫਗਵਾੜਾ, 18 ਜਨਵਰੀ
ਪਿੰਡ ਖੰਗੂੜਾ ਵਿੱਚ ਇਕ ਪਲਾਟ ’ਤੇ ਕਬਜ਼ੇ ਦੀ ਸ਼ਿਕਾਇਤ ਮਿਲਣ ਮਗਰੋਂ ਕਾਰਵਾਈ ਲਈ ਪੁੱਜੇ ਥਾਣਾ ਸਦਰ ਦੇ ਏਐੱਸਆਈ ਨਾਲ ਦੂਸਰੀ ਧਿਰ ਦੇ ਵਿਅਕਤੀ ਵਲੋਂ ਗਾਲੀ-ਗਲੋਚ ਕਰਨ ਅਤੇ ਵਰਦੀ ਨੂੰ ਹੱਥ ਪਾ ਕੇ ਬਟਨ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਕਾਰਜਕਾਰੀ ਐੱਸ.ਐੱਚ.ਓ. ਰਘਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੁਲੀਸ ਹੈਲਪਲਾਈਨ ਨੰਬਰ 112 ’ਤੇ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਲਾਟ ’ਤੇ ਇੱਕ ਵਿਅਕਤੀ ਵੱਲੋਂਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਿਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਸ਼ਿਕਾਇਤ ਪ੍ਰਾਪਤ ਹੋਣ ’ਤੇ ਏ.ਐੱਸ.ਆਈ. ਮਹਿੰਦਰ ਸਿੰਘ ਤੇ ਏ.ਐੱਸ.ਆਈ. ਮਨਜੀਤ ਸਿੰਘ, ਪਿੰਡ ਖੰਗੂੜਾ ਪੁੱਜੇ ਅਤੇ ਇਕ ਪਲਾਟ ਵਿਚ ਕੰਧ ਖੜ੍ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਪਲਾਟ ਦੇ ਦਸਤਾਵੇਜ਼ ਦਿਖਾਉਣ ਲਈ ਆਖਿਆ। ਉਨ੍ਹਾਂ ਦੱਸਿਆ ਕਿ ਉਹ ਵਿਅਕਤੀ ਦਸਤਾਵੇਜ਼ ਪੇਸ਼ ਕਰਨ ਦੀ ਬਜਾਏ ਪੁਲੀਸ ਕਰਮੀਆਂ ਨਾਲ ਉਲਝ ਗਿਆ। ਸੂਚਨਾ ਮਿਲਣ ’ਤੇ ਐੱਸ.ਐੱਚ.ਓ. ਰਘਬੀਰ ਸਿੰਘ ਵੀ ਮੌਕੇ ’ਤੇ ਪੁੱਜੇ ਅਤੇ ਉਕਤ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।