ਜਗਜੀਤ ਸਿੰਘ
ਮੁਕੇਰੀਆਂ, 15 ਦਸੰਬਰ
ਪ੍ਰਸ਼ਾਸਨਿਕ ਹਦਾਇਤਾਂ ਦੇ ਉਲਟ ਤਹਿਸੀਲ ਕੰਪਲੈਕਸ ਦੇ ਦੋਵੇਂ ਗੇਟਾਂ ਦੇ ਬਾਹਰ ਲੱਗੇ ਰਾਜਸੀ ਪਾਰਟੀਆਂ ਦੇ ਪ੍ਰਚਾਰ ਵਾਲੇ ਹੋਰਡਿੰਗ ਪ੍ਰਸਾਸ਼ਨਿਕ ਦਫ਼ਤਰ ਦੇ ਸਿਆਸੀ ਦਫ਼ਤਰ ਹੋਣ ਦਾ ਭੁਲੇਖਾ ਪਾ ਰਹੇ ਹਨ।
ਤਹਿਸੀਲ ਕੰਪਲੈਕਸ ਅੰਦਰ ਕਰੀਬ 3 ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਆਮਦ ਦੇ ਬਾਵਜੂਦ ਅਧਿਕਾਰੀ ਇਸ ਤੋਂ ਅਣਜਾਣ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਤਿਆਰੀਆਂ ਵਜੋਂ ਹਾਲ ਹੀ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਐੱਸਡੀਐੱਮ ਤੇ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਰਕਾਰੀ ਇਮਾਰਤਾਂ/ ਜਾਇਦਾਦਾਂ ਤੋਂ ਸਿਆਸੀ ਪਾਰਟੀਆਂ ਦੇ ਹੋਰਡਿੰਗ ਉਤਾਰ ਦਿੱਤੇ ਜਾਣ ਪਰ ਇਸ ਦੇ ਉਲਟ ਤਹਿਸੀਲ ਕੰਪਲੈਕਸ ਦੇ ਗੇਟਾਂ ’ਤੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਲੰਬੇ ਸਮੇਂ ਤੋਂ ਲੱਗੇ ਪ੍ਰਚਾਰ ਵਾਲੇ ਹੋਰਡਿੰਗ ਹਟਾਉਣ ਲਈ ਕਿਸੇ ਅਧਿਕਾਰੀ ਨੇ ਖੇਚਲ ਨਹੀਂ ਕੀਤੀ। ਰਾਜਸੀ ਪਾਰਟੀਆਂ ਦੇ ਪ੍ਰਚਾਰ ਵਾਲੇ ਹੋਰਡਿੰਗ ਸਰਕਾਰੀ ਜਾਇਦਾਦਾਂ, ਪਾਵਰਕੌਮ ਦੇ ਖੰਭਿਆ, ਜੰਗਲਾਤ ਦੇ ਸੜਕ ਕਿਨਾਰੇ ਵਾਲੇ ਦਰੱਖਤਾਂ ਸਮੇਤ ਮਨਾਹੀ ਵਾਲੇ ਸਥਾਨਾਂ ’ਤੇ ਲੱਗੇ ਹੋਏ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਚੋਣਾਂ ਜਿੱਤਣ ਲਈ ਪ੍ਰਸ਼ਾਸਨਿਕ ਦਫ਼ਤਰਾਂ ਨੂੰ ਪ੍ਰਚਾਰ ਦਾ ਸਾਧਨ ਬਣਾਇਆ ਜਾ ਰਿਹਾ ਹੈ। ਜਿਨ੍ਹਾਂ ਦਫ਼ਤਰਾਂ ਅੰਦਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਜਾਂ ਵੋਟਰ ਜਾਗਰੂਕਤਾ ਵਾਲੇ ਹੋਰਡਿੰਗ ਹੋਣੇ ਚਾਹੀਦੇ ਹਨ, ਉਹ ਸਿਆਸੀ ਪਾਰਟੀਆਂ ਨੇ ਮੱਲ੍ਹੇ ਹੋਏ ਹਨ।
ਤੁਰੰਤ ਹਟਾਏ ਜਾਣਗੇ ਹੋਰਡਿੰਗ: ਤਹਿਸੀਲਦਾਰ
ਤਹਿਸੀਲਦਾਰ ਅਰਵਿੰਦ ਸਲਵਾਨ ਨੇ ਕਿਹਾ ਕਿ ਮਾਲ ਅਧਿਕਾਰੀਆਂ ਦੀ ਲਗਾਤਾਰ ਹੜਤਾਲ ਚੱਲਦੀ ਹੋਣ ਕਾਰਨ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਤਹਿਸੀਲ ਕੰਪਲੈਕਸ ਸਮੇਤ ਸਰਕਾਰੀ ਜਾਇਦਾਦਾਂ ’ਤੇ ਲੱਗੇ ਰਾਜਸੀ ਪਾਰਟੀਆਂ ਦੇ ਪ੍ਰਚਾਰ ਹੋਰਡਿੰਗ ਤੁਰੰਤ ਹਟਾਏ ਜਾਣਗੇ।