ਪਾਲ ਸਿੰਘ ਨੌਲੀ
ਜਲੰਧਰ, 17 ਫਰਵਰੀ
ਚੋਣ ਪ੍ਰਚਾਰ ਦੇ ਅਖੀਰਲੇ ਗੇੜ ’ਚ ਸਾਰੇ ਉਮੀਦਵਾਰਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ। ਜਲੰਧਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਦਿਲਚਸਪ ਮੁਕਾਬਲਾ ਜਲੰਧਰ ਛਾਉਣੀ ਵਿੱਚ ਬਣਿਆ ਹੋਇਆ ਹੈ। ਇਸ ਹਲਕੇ ਵਿੱਚ ਹਾਕੀ ਦੇ ਦੋ ਖਿਡਾਰੀ ਚੋਣ ਮੈਦਾਨ ਵਿੱਚ ਹਨ। ਦੋਵੇਂ ਹੀ ਓਲੰਪੀਅਨ ਹਨ। ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਦੋ ਵਾਰ ਓਲੰਪਿਕ ਵਿੱਚ ਕਪਤਾਨੀ ਕੀਤੀ ਹੈ ਤੇ ਉਹ ਦੁਨੀਆ ਦਾ ਪਹਿਲਾ ਹਾਕੀ ਦਾ ਕਪਤਾਨ ਹੈ ਜਿਸ ਨੂੰ ਓਲੰਪਿਕ ਵਿੱਚ ਦੋ ਵਾਰ ਕਪਤਾਨੀ ਕਰਨ ਦਾ ਮੌਕਾ ਮਿਲਿਆ ਸੀ। ਚੋਣ ਮੈਦਾਨ ਵਿੱਚ ਉਸ ਦਾ ਵਿਰੋਧੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹੈ ਜਿਸ ਨੇ 15 ਗੋਲ ਕਰਨ ਦਾ ਰਿਕਾਰਡ ਕਾਇਮ ਕੀਤਾ ਸੀ। ਇਹ ਰਿਕਾਰਡ ਸੰਸਾਰਪੁਰ ਦੇ ਖਿਡਾਰੀ ਊਧਮ ਸਿੰਘ ਕੁਲਾਰ ਦੇ ਨਾਂ ਸੀ ਜਿਸ ਨੇ ਇੱਕ ਹੀ ਓਲੰਪਿਕ ਵਿੱਚ 14 ਗੋਲ ਕੀਤੇ ਸਨ।
ਪਰਗਟ ਸਿੰਘ ਜਲੰਧਰ ਛਾਉਣੀ ਹਲਕੇ ਤੋਂ ਤੀਜੀ ਵਾਰ ਚੋਣ ਲੜ ਰਹੇ ਹਨ ਤੇ ਉਹ ਜਿੱਤ ਦੀ ਹੈਟ੍ਰਿਕ ਬਣਾਉਣ ਦੀ ਤਾਕ ਵਿੱਚ ਹਨ। ਇਸ ਤੋਂ ਪਹਿਲਾਂ ਉਹ ਲਗਾਤਾਰ ਦੋ ਵਾਰ ਵਿਧਾਇਕ ਚੁਣੇ ਗਏ ਸਨ। ਸਾਲ 2012 ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੀ ਸੀ ਤੇ ਕਾਂਗਰਸ ਦੇ ਜਗਬੀਰ ਸਿੰਘ ਬਰਾੜ ਨੂੰ ਹਰਾਇਆ ਸੀ। ਸਾਲ 2017 ਵਿੱਚ ਉਨ੍ਹਾਂ ਨੇ ਕਾਂਗਰਸ ਵੱਲੋਂ ਚੋਣ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਮੱਕੜ ਨੂੰ ਹਰਾਇਆ ਸੀ। ਪਰਗਟ ਸਿੰਘ ਜਿਹੜੇ ਕਿ ਚੰਨੀ ਸਰਕਾਰ ਵਿੱਚ 111 ਦਿਨ ਮੰਤਰੀ ਰਹੇ ਤੇ ਉਨ੍ਹਾਂ ਨੇ ਹਲਕੇ ਵਿੱਚ ਗਰਾਂਟਾਂ ਦੇ ਗੱਫੇ ਵੰਡਣ ਵਿੱਚ ਕੋਈ ਕਸਰ ਨਹੀਂ ਛੱਡੀ। ਹਾਲਾਂਕਿ ਉਹ ਵਿਕਾਸ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ। ਹਲਕੇ ਵਿੱਚ ਕਈ ਥਾਵਾਂ ’ਤੇ ਉਨ੍ਹਾਂ ਵਿਰੁੱਧ ਲੋਕਾਂ ਦੀ ਨਰਾਜ਼ਗੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਪੱਲੜਾ ਭਾਰੀ ਲੱਗ ਰਿਹਾ ਹੈ ਕਿਉਂਕਿ ਜਲੰਧਰ ਛਾਉਣੀ ਹਲਕਾ ਰਵਾਇਤੀ ਤੌਰ ’ਤੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ।
ਜਲੰਧਰ ਛਾਉਣੀ ਵਿੱਚ ਮੁਕਾਬਲਾ ਪੰਜ-ਕੋਣਾ ਹੈ। ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਹਨ ਜਦ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵੱਲੋਂ ਜਗਬੀਰ ਸਿੰਘ ਬਰਾੜ, ਆਮ ਆਦਮੀ ਪਾਰਟੀ ਵੱਲੋਂ ਸੁਰਿੰਦਰ ਸਿੰਘ ਸੋਢੀ, ਭਾਜਪਾ ਵੱਲੋਂ ਸਰਬਜੀਤ ਸਿੰਘ ਮੱਕੜ ਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਜਸਵਿੰਦਰ ਸਿੰਘ ਸੰਘਾ ਹਨ। ਸਾਰੇ ਉਮੀਦਵਾਰ ਹੀ ਜਿੱਤ ਦਾ ਦਾਅਵਾ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਗਏ ਸਰਬਜੀਤ ਸਿੰਘ ਮੱਕੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਵਿੱਚ ਹੋਈ ਰੈਲੀ ਤੋਂ ਉਤਸ਼ਾਹ ਵਿੱਚ ਦੱਸੇ ਜਾ ਰਹੇ ਹਨ ਜਦ ਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਜਸਵਿੰਦਰ ਸਿੰਘ ਸੰਘਾ ਇਸ ਇਲਾਕੇ ਵਿੱਚ ਆਲੂਆਂ ਦੇ ਕਾਰੋਬਾਰੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਪੇਂਡੂ ਖੇਤਰ ਵਿੱਚ ਚੰਗਾ ਨਾਂ ਹੈ।