ਪਾਲ ਸਿੰਘ ਨੌਲੀ
ਜਲੰਧਰ, 19 ਜੁਲਾਈ
ਪੈਰੋਲ ’ਤੇ ਬਾਹਰ ਆਏ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲੀਸ ਨੇ ਪਿਤਾ-ਪੁੱਤਰ ਸਮੇਤ ਚਾਰ ਕਥਿਤ ਦੋਸ਼ੀਆਂ ਨੁੂੰ ਗ੍ਰਿਫ਼ਤਾਰ ਕੀਤਾ ਹੈ।
ਕਥਿਤ ਦੋਸ਼ੀਆਂ ਦੀ ਪਛਾਣ ਧਰਮਿੰਦਰ ਤੇ ਉਸ ਦਾ ਪਿਤਾ ਉਪਿੰਦਰ, ਰਾਜੇਸ਼ ਵਾਸੀ ਸ਼ੀਤਲ ਨਗਰ ਅਤੇ ਸੂਰਜ ਦਾਸ ਵਾਸੀ ਜਾਨਕੀ ਨਗਰ ਵਜੋਂ ਹੋਈ ਹੈ। ਪੁਲੀਸ ਵੱਲੋਂ ਇਸ ਕੇਸ ਵਿੱਚ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਵਰਤੇ ਗਏ ਟੈਂਪੂ (ਨੰਬਰ ਪੀ.ਬੀ.08-ਸੀ.ਐਚ.-5737) ਨੂੰ ਵੀ ਬਰਾਮਦ ਕਰ ਲਿਆ ਹੈ। ਇਸ ਕੇਸ ਵਿੱਚ ਇੱਕ ਨਾਬਾਲਿਗ ਮੁਲਜ਼ਮ ਸਮੇਤ ਦੋ ਮੁਲਜ਼ਮ ਅਜੇ ਵੀ ਫਰਾਰ ਹਨ।
ਮ੍ਰਿਤਕ ਮੁਨੀਸ਼ ਕੁਮਾਰ ਵਾਸੀ ਸ਼ਿਵ ਨਗਰ ਦੀ ਲਾਸ਼ ਨਿਊ ਜਵਾਲਾ ਨਗਰ ਨੰਦਨਪੁਰ ਰੋਡ ’ਤੇ ਇਸੇ 17 ਜੁਲਾਈ ਨੂੰ ਸੁੰਨਸਾਨ ਜਗ੍ਹਾ ’ਤੇ ਕੰਬਲ ਵਿੱਚ ਲਪੇਟੀ ਲਾਸ਼ ਮਿਲੀ ਸੀ। ਮ੍ਰਿਤਕ ਦੇ ਗਲੇ ਅਤੇ ਸਿਰ ’ਤੇ ਡੂੰਘੇ ਜ਼ਖ਼ਮ ਸਨ। ਪੁਲੀਸ ਡਵੀਜ਼ਨ ਨੰਬਰ ਇੱਕ ਵਿੱਚ ਲੰਘੀ 18 ਜੁਲਾਈ ਨੂੰ ਅਣਪਛਾਤੇ ਵਿਅਕਤੀਆਂ ਵਿਰੁੱਧ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਕਮਿਸ਼ਨਰੇਟ ਪੁਲੀਸ ਨੇ 24 ਘੰਟਿਆਂ ਵਿੱਚ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਨੀਸ਼ ਕੁਮਾਰ ਸਾਲ 2015 ਵਿੱਚ ਇੱਕ ਵਿਅਕਤੀ ਦੇ ਕਤਲ ਦੇ ਕੇਸ ਜਿਸ ਦੀ ਪਤਨੀ ਨਾਲ ਉਸ ਦੇ ਸਬੰਧ ਸਨ, ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਉਹ ਹਾਲ ਹੀ ਵਿੱਚ ਪੈਰੋਲ ’ਤੇ ਬਾਹਰ ਆਇਆ ਹੋਇਆ ਸੀ।
ਸ੍ਰੀ ਭੁੱਲਰ ਨੇ ਦੱਸਿਆ ਕਿ ਲਾਸ਼ ਬਰਾਮਦ ਹੋਣ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਪੁਲੀਸ-1 ਵਤਸਲਾ ਗੁਪਤਾ, ਏ.ਸੀ.ਸੀ. ਸੁਖਜਿੰਦਰ ਸਿੰਘ ਅਤੇ ਐੱਸ.ਐੱਚ.ਓ. ਰਾਜੇਸ ਕੁਮਾਰ ਵੱਲੋਂ ਵਿਸਥਾਰ ਨਾਲ ਛਾਣਬੀਣ ਕਰਦਿਆਂ ਇਸ ਕੇਸ ਨਾਲ ਸਬੰਧਿਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ ਕੇਸ ਦੇ ਮੁੱਖ ਮੁਲਜ਼ਮ ਧਰਮਿੰਦਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਤੇ ਉਸ ਦੇ ਪਿਤਾ ਸਥਾਨਕ ਸਬਜ਼ੀ ਮੰਡੀ ਵਿੱਚ ਅਦਰਕ ਵੇਚਣ ਦਾ ਕੰਮ ਕਰਦੇ ਸਨ ਅਤੇ ਮੁਨੀਸ਼ ਅਕਸਰ ਉਨ੍ਹਾਂ ਤੋਂ ਜਬਰਦਸਤੀ ਪੈਸੇ ਮੰਗਣ ਦੀਆਂ ਧਮਕੀਆਂ ਦਿੰਦਾ ਸੀ। ਲੰਘੀ 17 ਜੁਲਾਈ ਨੂੰ ਮੁਨੀਸ਼ ਨੇ ਉਸ ਨੂੰ ਫੋਨ ਕਰਕੇ ਕੁਝ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ ਤੇ ਨਾਲ ਹੀ ਧਮਕੀ ਦਿੱਤੀ ਸੀ ਕਿ ਜੇ ਪੈਸੇ ਨਾ ਦਿੱਤੇ ਨਹੀਂ ਤਾਂ ਉਹ (ਮਨੀਸ਼) ਉਸ ਨੂੰ ਜਾਨ ਤੋਂ ਮਾਰ ਦੇਵੇਗਾ।
ਇਸ ਮਗਰੋਂ ਉਸ ਨੇ ਆਪਣੇ ਸਾਥੀਆਂ ਰਾਜੇਸ਼, ਸੂਰਜ, ਬਲਬੀਰ ਅਤੇ ਆਪਣੇ ਪਿਤਾ ਸਮੇਤ ਮੁਨੀਸ਼ ਨੂੰ ਸਬਜ਼ੀ ਮੰਡੀ ਨਾਗਰਾ ਨੇੜੇ ਕਿਰਾਏ ’ਤੇ ਲਏ ਗਏ ਗੁਦਾਮ ’ਤੇ ਫੋਨ ਕਰਕੇ ਬੁਲਾਇਆ ਸੀ। ਉੱਥੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਧਰਮਿੰਦਰ ਨੇ ਪੁਲੀਸ ਨੂੰ ਮੁੱਢਲੀ ਪੁਛਗਿੱਛ ਵਿੱਚ ਇਹ ਵੀ ਦੱਸਿਆ ਕਿ ਨਿਊ ਜਵਾਲਾ ਨਗਰ ਵਿਖੇ ਲਾਸ਼ ਨੂੰ ਸੁੱਟ ਕੇ ਉਹ ਫ਼ਗਵਾੜਾ ਚਲੇ ਗਏ।
ਸ੍ਰੀ ਭੁੱਲਰ ਨੇ ਦੱਸਿਆ ਕਿ ਸੂਰਜ ਦਾਸ ਟੈਂਪੂ ਡਰਾਈਵਰ ਸੀ ਅਤੇ ਰਾਜੇਸ਼ ਵੀ ਮੰਡੀ ਵਿੱਚ ਅਦਰਕ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਦੋ ਹੋਰ ਮੁਲਜ਼ਮਾਂ ਵਿੱਚ ਬਲਬੀਰ ਅਤੇ ਇੱਕ ਨਾਬਾਲਿਗ ਵੀ ਸ਼ਾਮਿਲ ਹੈ। ਪੁੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਥਾਨਿਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁਛਗਿੱਛ ਅਤੇ ਇਸ ਜੁਰਮ ਵਿੱਚ ਵਰਤੇ ਹਥਿਆਰਾਂ ਦੀ ਬਰਾਮਦਗੀ ਲਈ ਰਿਮਾਂਡ ’ਤੇ ਲਿਆ ਜਾਵੇਗਾ।