ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 12 ਅਗਸਤ
ਪੁਲੀਸ ਨੇ ਐਂਬੂਲੈਂਸ ਚਾਲਕ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਦਾ ਦੋ ਦਿਨ ਦਾ ਰਿਮਾਂਡ ਲੈ ਲਿਆ ਹੈ। ਪੁਲੀਸ ਚੌਕੀ ਅਲਾਵਲਪੁਰ ਦੇ ਇੰਚਾਰਜ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਲੰਘੀ 7-8 ਅਗਸਤ ਦੀ ਰਾਤ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਮਰੀਜ਼ ਨੂੰ ਛੱਡਣ ਮਗਰੋਂ ਐਂਬੂਲੈਂਸ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਮੁੱਲਾਂਪੁਰ ਫਿਰੋਜ਼ਪੁਰ ਆਪਣੇ ਸਾਥੀ ਰਾਜਿੰਦਰ ਕੁਮਾਰ ਨਾਲ ਜਦੋਂ ਵਾਪਸ ਹੁਸ਼ਿਆਰਪੁਰ ਜਾ ਰਿਹਾ ਸੀ ਤਾਂ ਕਿਸ਼ਨਗੜ੍ਹ ਤੋਂ ਬਿਆਸ ਪਿੰਡ ਦੇ ਵਿਚਕਾਰ ਪੁਲ ਨੇੜੇ ਟਰੈਫਿਕ ਹੋਣ ਕਾਰਨ ਪਿੱਛੋਂ ਆ ਰਹੀ ਇਨੋਵਾ ਦੇ ਚਾਲਕ ਨੇ ਐਂਬੂਲੈਂਸ ਤੋਂ ਸਾਈਡ ਮੰਗੀ। ਐਂਬੂਲੈਂਸ ਚਾਲਕ ਨੇ ਇਨੋਵਾ ਚਾਲਕ ਨੂੰ ਸਾਈਡ ਦੇ ਦਿੱਤੀ ਤਾਂ ਇਨੋਵਾ ਚਾਲਕ ਨੇ ਐਂਬੂਲੈਂਸ ਤੋਂ ਅੱਗੇ ਜਾ ਕੇ ਐਂਬੂਲੈਂਸ ਚਾਲਕ ਨਾਲ ਗਾਲੀ ਗਲੋਚ ਕਰਨ ਲੱਗਾ। ਮਗਰੋਂ ਗੁਰਪ੍ਰੀਤ ਸਿੰਘ ਨੇ ਬਿਆਸ ਪਿੰਡ ਦੇ ਨੇੜੇ ਕੁਲਦੀਪ ਢਾਬੇ ’ਤੇ ਐਂਬੂਲੈਂਸ ਰੋਕ ਲਈ। ਕੁਝ ਮਿੰਟਾਂ ਬਾਅਦ ਹੀ ਇਨੋਵਾ ਚਾਲਕ ਆਪਣੇ 8-10 ਸਾਥੀਆਂ ਸਮੇਤ ਆਇਆ ਤੇ ਪਹਿਲਾਂ ਐਂਬੂਲੈਂਸ ਦੀ ਭੰਨ ਤੋੜ ਕੀਤੀ ਅਤੇ ਮਗਰੋਂ ਐਂਬੂਲੈਂਸ ਚਾਲਕ ਦੀ ਕੁੱਟ ਮਾਰ ਕਰਦਿਆਂ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਜਾਂਚ ਮਗਰੋਂ ਇਨੋਵਾ ਚਾਲਕ ਪ੍ਰਦੀਪ ਸਿੰਘ ਵਾਸੀ ਸੀਤਲਪੁਰ ਨੂੰ ਗ੍ਰਿਫ਼ਤਾਰ ਕੀਤਾ।