ਜਗਜੀਤ ਸਿੰਘ
ਮੁਕੇਰੀਆਂ, 11 ਅਕਤੂਬਰ
ਪੰਜਾਬ-ਹਿਮਾਚਲ ਦੇ ਸਰਹੱਦੀ ਪਿੰਡਾਂ ਤੋਂ ਮੁਕੇਰੀਆਂ ਤੇ ਹਾਜੀਪੁਰ ਥਾਣੇ ਅੰਦਰਲੇ ਪਿੰਡਾਂ ਦੇ ਨੌਜਵਾਨਾਂ ਨੂੰ ਹੋ ਰਹੀ ਕਥਿਤ ਨਸ਼ੇ ਦੀ ਸਪਲਾਈ ਨਹੀਂ ਰੁਕ ਸਕੀ। ਨਸ਼ਾ ਤਸਕਰਾਂ ਨੂੰ ਥਾਣਿਆਂ ’ਚ ਬੈਠੀਆਂ ਕਾਲੀਆਂ ਭੇਡਾਂ ਦੀ ਕਥਿਤ ਸ਼ਹਿ ਦੀ ਚਰਚਾ ਹੈ ਤੇ ਸਰਹੱਦੀ ਪਿੰਡਾਂ ਦੇ ਥਾਣਿਆਂ ’ਚ ਲੱਗੇ ਕੁਝ ਅਧਿਕਾਰੀਆਂ ਦਾ ਕਿਰਦਾਰ ਸ਼ੱਕੀ ਮੰਨਿਆ ਜਾ ਰਿਹਾ ਹੈ। ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਨਸ਼ਿਆਂ ਬਾਰੇ ਪੁਲੀਸ ਦੀ ਕਾਰਗੁਜਾ਼ਰੀ ’ਤੇ ਸਵਾਲ ਚੁੱਕੇ ਹਨ। ਡੀਐੱਸਪੀ ਕੁਲਵਿੰਦਰ ਵਿਰਕ ਨੇ ਦੋਸ਼ਾਂ ਨੂੰ ਨਕਾਰਿਆ ਹੈ ਤੇ ਐੱਸਐੱਸਪੀ ਨੇ ਫੋਨ ਚੁੱਕਣਾ ਵੀ ਮੁਨਾਸਬਿ ਨਹੀਂ ਸਮਝਿਆ।
ਪੁਲੀਸ ਅਨੁਸਾਰ ਭਗਵੰਤ ਮਾਨ ਸਰਕਾਰ ਨੇ ਸੱਤਾ ਸੰਭਾਲਦਿਆਂ ਏਜੰਸੀਆਂ ਰਾਹੀਂ ਨਸ਼ਾ ਤਸਕਰਾਂ ਦੀ ਥਾਣਾ ਵਾਈਜ਼ ਸੂਚਨਾ ਮੰਗਵਾਈ ਸੀ। ਸਰਕਾਰ ਨੇ ਇਹ ਸੂਚੀ ਹੇਠਾਂ ਥਾਣਿਆਂ ਨੂੰ ਭੇਜਦਿਆਂ ਸਬੰਧਿਤ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ। ਪਰ ਪੁਲੀਸ ’ਚ ਫੈਲੇ ਭ੍ਰਿਸ਼ਟਾਚਾਰ ਤੇ ਵਿਭਾਗ ਦੀਆਂ ਕਾਲੀਆਂ ਭੇਡਾਂ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੇ ਨਾਂ ’ਤੇ ਕੇਵਲ ਲਿਪਾ ਪੋਚੀ ਕੀਤੀ ਗਈ।
ਸੂਤਰਾਂ ਨੇ ਦੱਸਿਆ ਕਿ ਸਪੈਸ਼ਲ ਬ੍ਰਾਂਚ ਵੱਲੋਂ ਜ਼ਿਲ੍ਹੇ ਦੀ ਥਾਣਾ ਵਾਈਜ਼ ਲਿਸਟ ਅਨੁਸਾਰ ਮੁਕੇਰੀਆਂ ਥਾਣੇ ’ਚ 20, ਦਸੂਹਾ ’ਚ 19 ਤੇ ਹਾਜੀਪੁਰ ਥਾਣੇ ’ਚ 5 ਦੇ ਕਰੀਬ ਨਸ਼ਾ ਤਸਕਰ ਹਨ। ਸੂਤਰਾਂ ਅਨੁਸਾਰ ਪੁਲੀਸ ਅਧਿਕਾਰੀਆਂ ਦੀ ਨਸ਼ਾ ਤਸਕਰਾਂ ਨਾਲ ਗੰਢਤੁੱਪ ਹੈ ਤੇ ਧੰਦਾ ਚੱਲਦਾ ਰੱਖਣ ਲਈ ਮਹੀਨਾਵਾਰ ਅਦਾਇਗੀ ਹੁੰਦੀ ਹੈ। ਜਦੋਂਕਿ ਨਸ਼ਾ ਤਸਕਰਾਂ ਦੀ ਪਿੰਡ ਪੱਧਰ ’ਤੇ ਸਰਪੰਚਾਂ /ਨੰਬਰਦਾਰਾਂ ਤੇ ਸ਼ਹਿਰ ਪੱਧਰ ’ਤੇ ਵਾਰਡ ਕੌਂਸਲਰਾਂ ਵੱਲੋਂ ਨਸ਼ਾ ਨਾ ਵੇਚਣ ਦੀ ਗਵਾਹੀ ਭਰਵਾ ਲਈ ਜਾਂਦੀ ਹੈ।
ਮਾਮਲਾ ਵਿਧਾਨ ਸਭਾ ’ਚ ਉਠਾਵਾਂਗਾ: ਮਹਾਜਨ
ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਅਨੁਸਾਰ ਨਸ਼ਾ ਤਸਕਰਾਂ ਨੂੰ ਪੁਲੀਸ ਤੇ ਸਰਕਾਰ ਦੀ ਸ਼ਹਿ ਪ੍ਰਾਪਤ ਹੈ। ਅਧਿਕਾਰੀ ਮਹੀਨਾਵਾਰ ਅਦਾਇਗੀ ਲੈ ਕੇ ਹਲਕੇ ’ਚ ਨਸ਼ਾ ਵਿਕਵਾ ਰਹੇ ਹਨ। ਨਸ਼ਾ ਤਸਕਰਾਂ ਬਾਰੇ ਉਚ ਅਧਿਕਾਰੀ ਜਾਣੂ ਹਨ, ਪਰ ਵਿਭਾਗ ਦੀਆਂ ਕਾਲੀਆਂ ਭੇਡਾਂ ਇਨ੍ਹਾਂ ਦਾ ਪੱਖ ਪੂਰ ਰਹੀਆਂ ਹਨ। ਉਹ ਆਉਂਦੇ ਸੈਸ਼ਨ ’ਚ ਨਸ਼ਿਆਂ ਦਾ ਮਾਮਲਾ ਤੱਥਾਂ ਸਣੇ ਵਿਧਾਨ ਸਭਾ ’ਚ ਉਠਾਉਣਗੇ।
ਸਖਤੀ ਕਾਰਨ ਨਸ਼ਿਆਂ ਨੂੰ ਰੋਕ ਲੱਗੀ: ਘੁੰਮਣ
‘ਆਪ’ ਵਿਧਾਇਕ ਕਰਮਬੀਰ ਘੁੰਮਣ ਨੇ ਕਿਹਾ ਕਿ ਸਰਕਾਰ ਦੀ ਨਸ਼ੇ ਖ਼ਿਲਾਫ਼ ਸਖਤੀ ਕਾਰਨ ਰੋਕ ਵੀ ਲੱਗੀ ਹੈ, ਪਰ ਇੱਕਦਮ ਨਸ਼ਾ ਤਸਕਰਾਂ ਦਾ ਖਾਤਮਾ ਸੰਭਵ ਨਹੀਂ। ਉਨ੍ਹਾਂ ਆਪਣੇ ਹਲਕੇ ’ਚ ਸ਼ਰਾਬ ਦੀਆਂ ਨਾਜਾਇਜ਼ ਬ੍ਰਾਂਚਾ ਬੰਦ ਕਰਵਾ ਦਿੱਤੀਆਂ ਹਨ। ਮੁਕੇਰੀਆਂ ਹਲਕੇ ’ਚ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਐੱਸਐੱਸਪੀ ਹੁਸ਼ਿਆਰਪੁਰ ਨੂੰ ਆਖਣਗੇ।
ਪਲੀਸ ਢਿੱਲ ਨਹੀਂ ਵਰਤ ਰਹੀ: ਵਿਰਕ
ਡੀਐੱਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਅਜਿਹੀ ਕੋਈ ਗੱਲ ਨਹੀਂ ਆਈ ਤੇ ਨਾ ਹੀ ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਢਿੱਲ ਵਰਤੀ ਹੈ। ਜਦੋਂ ਐੱਸਐੱਸਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।