ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 31 ਮਈ
ਥਾਣਾ ਕਰਤਾਰਪੁਰ ਦੇ ਮਾਲਖਾਨੇ ਵਿਚੋਂ ਛੇ ਸਾਲ ਪਹਿਲਾਂ ਚੋਰੀ ਹੋਈ ਅਤਿ ਆਧੁਨਿਕ ਰਾਈਫਲ ਏ ਕੇ 47 ਅਤੇ ਬੱਤੀ ਬੋਰ ਦੇ ਰਿਵਾਲਵਰ ਦੇ ਮਾਮਲੇ ਵਿੱਚ ਕਰਤਾਰਪੁਰ ਪੁਲੀਸ ਨੇ ਉਸ ਵੇਲੇ ਦੇ ਥਾਣਾ ਮੁਖੀ ਅਤੇ ਰਿਵਾਲਵਰ ਚੋਰੀ ਹੋਣ ਦੇ ਮਾਮਲੇ ਵਿਚ ਉਸ ਵਕਤ ਦੇ ਮੁਨਸ਼ੀ ਉੱਪਰ ਮਾਮਲਾ ਦਰਜ ਕੀਤਾ ਸੀ, ਇਸ ਦੇ ਬਾਵਜੂਦ ਹਾਲੇ ਤੱਕ ਚੋਰੀ ਹੋਏ ਦੋਨੋਂ ਹਥਿਆਰਾਂ ਦੀ ਪੁਲੀਸ ਹਾਲੇ ਤੱਕ ਬਰਾਮਦਗੀ ਨਹੀਂ ਕਰ ਸਕੀ। ਇਸ ਸਬੰਧੀ ਕਰਤਾਰਪੁਰ ਪੁਲੀਸ ਦੀ ਕਾਰਗੁਜ਼ਾਰੀ ਉੱਪਰ ਪ੍ਰਸ਼ਨ ਚਿੰਨ੍ਹ ਲੱਗਣਾ ਸੁਭਾਵਿਕ ਹੈ। ਚੋਰੀ ਹੋਏ ਹਥਿਆਰਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਉਪਰ ਮਾਮਲੇ ਦਰਜ ਕੀਤੇ ਹੋਣ ਦੇ ਬਾਵਜੂਦ ਬਰਾਮਦਗੀ ਕਰਨ ਦਾ ਮਾਮਲਾ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਡੀਐਸਪੀ ਸਬ ਡਿਵੀਜ਼ਨ ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਵੱਖ ਵੱਖ ਸਮੇਂ ਥਾਣੇ ਦੇ ਮਾਲਖਾਨੇ ਵਿੱਚੋਂ ਹਥਿਆਰ ਚੋਰੀ ਹੋਣ ਦਾ ਮਾਮਲਾ ਬਹੁਤ ਗੰਭੀਰ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਉੱਪਰ ਪੁਲੀਸ ਨੇ ਮਾਮਲਾ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਥਾਣੇ ਦੇ ਮਾਲਖਾਨੇ ਵਿੱਚ ਚੋਰੀ ਹੋਏ ਹਥਿਆਰਾਂ ਦੀ ਬਰਾਮਦਗੀ ਲਈ ਉੱਚ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣੀ ਹੋਈ ਹੈ।