ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 31 ਮਈ
ਥਾਣਾ ਕਰਤਾਰਪੁਰ ਦੇ ਮਾਲਖਾਨੇ ਵਿੱਚੋਂ 2016 ਵਿੱਚ ਚੋਰੀ ਹੋਈ ਅਤਿ-ਆਧੁਨਿਕ ਰਾਈਫਲ ਏਕੇ 47 ਅਤੇ 32 ਬੋਰ ਦੇ ਰਿਵਾਲਵਰ ਦੇ ਮਾਮਲੇ ਵਿੱਚ ਤਤਕਾਲੀ ਥਾਣਾ ਮੁਖੀ ਅਤੇ ਮੁਨਸ਼ੀ ਉੱਪਰ ਮਾਮਲਾ ਦਰਜ ਹੋਣ ਦੇ ਬਾਵਜੂਦ ਕਰਤਾਰਪੁਰ ਪੁਲੀਸ ਹਾਲੇ ਤੱਕ ਚੋਰੀ ਹਥਿਆਰਾਂ ਦੀ ਬਰਾਮਦਗੀ ਨਹੀਂ ਕਰ ਸਕੀ।
ਥਾਣਾ ਕਰਤਾਰਪੁਰ ਵਿੱਚ ਏਕੇ 47 ਅਤਿ-ਆਧੁਨਿਕ ਰਾਈਫਲ ਚੋਰੀ ਹੋਣ ਤੋਂ ਕੁਝ ਸਾਲ ਬਾਅਦ ਪੰਚਾਇਤੀ ਚੋਣਾਂ ਮੌਕੇ ਨੇੜਲੇ ਪਿੰਡ ਦੇ ਬਲਵੀਰ ਸਿੰਘ ਨੇ ਬਾਰਾਂ ਬੋਰ ਦੀ ਰਾਈਫਲ ਅਤੇ ਇੱਕ ਬੱਤੀ ਬੋਰ ਦਾ ਰਿਵਾਲਵਰ ਜਮ੍ਹਾਂ ਕਰਵਾਇਆ ਸੀ। ਚੋਣਾਂ ਮਗਰੋਂ ਉਸ ਵਕਤ ਦੇ ਮੁਨਸ਼ੀ ਨੇ ਬਾਰਾਂ ਬੋਰ ਦੀ ਰਾਈਫਲ ਵਾਪਸ ਕਰ ਦਿੱਤੀ ਤੇ ਰਿਵਾਲਵਰ ਵਾਪਸ ਨਹੀਂ ਕੀਤਾ। ਜਾਂਚ ਮਗਰੋਂ ਥਾਣਾ ਕਰਤਾਰਪੁਰ ਵਿੱਚ ਮੁਨਸ਼ੀ ’ਤੇ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਸੀ।
ਇਸ ਸਬੰਧੀ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਵੱਖ ਵੱਖ ਸਮੇਂ ਥਾਣੇ ਦੇ ਮਾਲਖਾਨੇ ਵਿੱਚੋਂ ਹਥਿਆਰ ਚੋਰੀ ਹੋਣ ਦਾ ਮਾਮਲਾ ਬਹੁਤ ਗੰਭੀਰ ਹੈ ਤੇ ਇਸ ਦੇ ਜ਼ਿੰਮੇਵਾਰ ਵਿਅਕਤੀਆਂ ਉੱਪਰ ਪੁਲੀਸ ਨੇ ਮਾਮਲਾ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਥਾਣੇ ਦੇ ਮਾਲਖਾਨੇ ਵਿੱਚ ਚੋਰੀ ਹੋਏ ਹਥਿਆਰਾਂ ਦੀ ਬਰਾਮਦਗੀ ਲਈ ਉੱਚ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੋਈ ਹੈ।