ਪਾਲ ਸਿੰਘ ਨੌਲੀ
ਜਲੰਧਰ, 1 ਜਨਵਰੀ
ਸ਼ਹਿਰ ਵਿਚ ਲੰਘੀ ਰਾਤ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਨੌਜਵਾਨਾਂ ਦੀ ਪੁਲੀਸ ਨਾਲ ਧੱਕਾਮੁੱਕੀ ਹੋਈ ਅਤੇ ਇਸ ਦੌਰਾਨ ਪੁਲੀਸ ਨੂੰ ਹਲਕਾ ਬਲ ਪ੍ਰਯੋਗ ਵੀ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਦੋਂ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਕੁਝ ਨੌਜਵਾਨ 12 ਵੱਜਣ ਦੀ ਉਡੀਕ ਵਿਚ ਆਪਣੀਆਂ ਗੱਡੀਆਂ ’ਤੇ ਚੜ੍ਹ ਕੇ ਸ਼ੋਰ-ਸ਼ਰਾਬਾ ਕਰਨ ਲੱਗ ਪਏ। ਜਿਉਂ ਹੀ ਨਵਾਂ ਸਾਲ ਚੜ੍ਹਿਆ ਤਾਂ ਮੁੰਡੇ-ਕੁੜੀਆਂ ਨੇ ਚੀਕ-ਚਿਹਾੜਾ ਪਾ ਦਿੱਤਾ, ਜਿਸ ਕਰ ਕੇ ਆਲੇ-ਦੁਆਲੇ ਰਹਿੰਦੇ ਲੋਕਾਂ ਨੂੰ ਪ੍ਰੇਸ਼ਾਨੀ ਵੀ ਹੋਈ। ਹਾਲਾਂਕਿ, ਪੁਲੀਸ ਨੇ ਇਨ੍ਹਾਂ ਜਸ਼ਨਾਂ ਵਿਚ ਹੁੱਲੜਬਾਜ਼ੀ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਸਨ।
ਮਾਡਲ ਟਾਊਨ ਵਿਚ ਪੀਪੀਆਰ ਮਾਲ ਦੇ ਬਾਹਰ ਨੌਜਵਾਨ ਆਪਣੀਆਂ ਗੱਡੀਆਂ ਦੀਆਂ ਛੱਤਾਂ ਉੱਪਰ ਚੜ੍ਹੇ ਹੋਏ ਸਨ। ਉਹ ਪੂਰੀ ਮਸਤੀ ਵਿਚ ਸ਼ੋਰ-ਸ਼ਰਾਬਾ ਕਰ ਰਹੇ ਸਨ। ਜਦੋਂ ਇਹ ਨੌਜਵਾਨ ਹੁੱਲੜਬਾਜ਼ੀ ਕਰਨ ਤੋਂ ਬਾਜ਼ ਨਹੀਂ ਆਏ ਤਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਕਈ ਨੌਜਵਾਨਾਂ ਨੇ ਰਾਤ ਦੇ ਹਨੇਰੇ ਵਿਚ ਪਟਾਕੇ ਵੀ ਚਲਾਏ ਅਤੇ ਕਈ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਚਲਾ ਰਹੇ ਸਨ। ਗੱਡੀਆਂ ਦੇ ਹਾਰਨ ਵੀ ਲਗਾਤਾਰ ਵੱਜਦੇ ਰਹੇ। ਨੌਜਵਾਨਾਂ ਦੇ ਕਈ ਟੋਲੇ ਬਣੇ ਹੋਏ ਸਨ ਅਤੇ ਇਕ ਥਾਂ ’ਤੇ ਤਾਂ ਨੌਜਵਾਨ ਕੇਕ ਵੀ ਕੱਟ ਰਹੇ ਸਨ। ਉਹ ਪਟਾਕੇ ਚਲਾਉਣ ਦੇ ਨਾਲ-ਨਾਲ ਆਤਿਸ਼ਬਾਜ਼ੀ ਵੀ ਕਰ ਰਹੇ ਸਨ।
ਕਈ ਨੌਜਵਾਨਾਂ ਦੇ ਹੱਥਾਂ ਵਿਚ ਬੀਅਰ ਦੀਆਂ ਬੋਤਲਾਂ ਫੜੀਆਂ ਹੋਈਆਂ ਸਨ। ਇਹ ਨੌਜਵਾਨ ਜਦੋਂ ਅੱਧੀ ਰਾਤ ਦਾ ਸਮਾਂ ਲੰਘਣ ਦੇ ਬਾਵਜੂਦ ਸ਼ੋਰ ਸ਼ਰਾਬਾ ਕਰਨੋਂ ਨਾ ਰੁਕੇ ਤਾਂ ਪੁਲੀਸ ਨੂੰ ਥੋੜੀ ਸਖਤੀ ਵੀ ਕਰਨੀ ਪਈ। ਪੁਲੀਸ ਦਾ ਕਹਿਣਾ ਸੀ ਕਿ ਉਹ ਨਵੇਂ ਸਾਲ ਦੇ ਜਸ਼ਨਾਂ ਵਿਚ ਕੋਈ ਵਿਘਨ ਨਹੀਂ ਸੀ ਪਾਉਣਾ ਚਾਹੁੰਦੇ ਪਰ ਉਹ ਕਾਨੂੰਨ ਨੂੰ ਵੀ ਕਿਸੇ ਸੂਰਤ ਵਿਚ ਹੱਥਾਂ ਵਿਚ ਨਹੀਂ ਸੀ ਲੈਣ ਦੇਣਾ ਚਾਹੁੰਦੇ। 120 ਫੁੱਟੀ ਰੋਡ ਉੱਤੇ ਡੀਜੇ ਲਗਾ ਕੇ ਨੌਜਵਾਨ ਦੇਰ ਰਾਤ ਤੱਕ ਭੰਗੜੇ ਪਾਉਂਦੇ ਰਹੇ ਅਤੇ ਇਸ ਥਾਂ ’ਤੇ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ। ਪੁਲੀਸ ਨੇ ਜਦੋਂ ਨੌਜਵਾਨਾਂ ਨੂੰ ਖਦੇੜਨ ਲਈ ਉਨ੍ਹਾਂ ਦੇ ਡਾਂਗਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਨੌਜਵਾਨ ਉਥੋਂ ਗੱਡੀਆਂ ਸਮੇਤ ਤਿੱਤਰ ਹੋ ਗਏ। ਨੌਜਵਾਨਾਂ ਨੇ ਦੋਸ਼ ਲਾਇਆ ਕਿ ਜਦੋਂ ਇਲਾਕਿਆਂ ਵਿਚ ਬੰਬ ਧਮਾਕੇ ਹੁੰਦੇ ਹਨ ਉਦੋਂ ਪੁਲੀਸ ਕਿੱਥੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਖੁਸ਼ੀ ਦੇ ਮੌਕੇ ’ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੇ ਪੰਜਾਬ ਪੁਲੀਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।