ਪੱਤਰ ਪ੍ਰੇਰਕ
ਭੁਲੱਥ, 23 ਅਕਤੂਬਰ
ਥਾਣਾ ਢਿਲਵਾਂ ਦੀ ਪੁਲੀਸ ਵੱਲੋਂ ਜਲੰਧਰ, ਹੁਸ਼ਿਆਰਪੁਰ ਵਿੱਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ ਕਰਨ ਉਪਰੰਤ ਪੰਦਰਾਂ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਵਿਭਾਗ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਕਰਨਬੀਰ ਸਿੰਘ, ਸੁਨੀਲ ਕੁਮਾਰ ਵਾਸੀ ਢਿੱਲਵਾਂ, ਮਨਦੀਪ ਸਿੰਘ ਉਰਫ਼ ਮੰਨਾ ਵਾਸੀ ਮਾਂਗੇਵਾਲ ਥਾਣਾ ਢਿਲਵਾਂ ਮਿਲਕੇ ਵੱਖ ਵੱਖ ਸ਼ਹਿਰਾਂ ਤੋਂ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਉਨ੍ਹਾਂ ’ਤੇ ਜਾਅਲੀ ਨੰਬਰ ਲਗਾ ਕੇ ਅੱਗੇ ਵੇਚ ਦਿੰਦੇ ਹਨ। ਇਸ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਸੀਆਈਏ ਅਤੇ ਢਿਲਵਾਂ ਪੁਲੀਸ ਵੱਲੋਂ ਜੀਟੀ ਰੋਡ ਦੇ ਬੰਨ੍ਹ ਨੇੜੇ ਵਿਸ਼ੇਸ਼ ਨਾਕਾਬੰਦੀ ਕਰਕੇ ਨਾਕਾ ਪਾਰਟੀ ਵੱਲੋਂ ਕਰਨਬੀਰ ਸਿੰਘ, ਅਕਾਸ਼, ਸੁਨੀਲ ਕੁਮਾਰ, ਮਨਦੀਪ ਸਿੰਘ ਮੰਨਾ ਨੂੰ ਕਾਬੂ ਕੀਤਾ ਗਿਆ। ਜ਼ਿਲ੍ਹਾ ਮੁਖੀ ਅਨੁਸਾਰ ਕਾਬੂ ਕੀਤੇ ਗਏ ਵਿਅਕਤੀਆਂ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਵੱਲੋਂ ਜਲੰਧਰ, ਹੁਸ਼ਿਆਰਪੁਰ ਤੇ ਹੋਰ ਥਾਵਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਗਏ ਹਨ। ਪੰਦਰਾਂ ਮੋਟਰਸਾਈਕਲ ਬਰਾਮਦ ਕਰਕੇ ਥਾਣਾ ਢਿਲਵਾਂ ਵੱਲੋਂ ਇਨ੍ਹਾਂ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।