ਸੁਰਜੀਤ ਮਜਾਰੀ
ਨਵਾਂ ਸ਼ਹਿਰ, 22 ਮਈ
ਨਵਜੋਤ ਸਾਹਿਤ ਸੰਸਥਾ ਔੜ ਵਲੋਂ ਨਵਾਂ ਸ਼ਹਿਰ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ‘ਲੇਖਕ ਦੇ ਵਿਹੜੇ’ ਪ੍ਰੋਗਰਾਮਾਂ ਦੀ ਲੜੀ ਤਹਿਤ ਕਵਿੱਤਰੀ ਰਜਨੀ ਸ਼ਰਮਾ ਦੇ ਘਰ ਸਾਹਿਤ ਪ੍ਰੇਮੀਆਂ ਦੀ ਭਾਰੀ ਇਕੱਤਰਤਾ ਹੋਈ।
ਇਸ ਦੌਰਾਨ ਰਜਨੀ ਸ਼ਰਮਾ ਨੇ ਜਿੱਥੇ ਕਵਿਤਾਵਾਂ ਰਾਹੀਂ ਆਪਣੇ ਮਨੋਭਾਵ ਦੀ ਸਾਂਝ ਪਾਈ ਉੱਥੇ ਆਪਣੇ ਹੁਣ ਤੱਕ ਦੇ ਜੀਵਨ ਸਫ਼ਰ ਨਾਲ ਜੁੜੇ ਅਹਿਮ ਪਲ ਵੀ ਯਾਦ ਕੀਤੇ। ਉਨ੍ਹਾਂ ਨੂੰ ਸੰਸਥਾ ਵਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਮਾਜਿਕ ਕਾਰਜਕਾਰਤਾ ਨਰਿੰਦਰ ਬਿੰਦਰਾ ਸ਼ਾਮਲ ਹੋਏ। ਉਨ੍ਹਾਂ ਸਾਹਿਤ ਨੂੰ ਸਮਾਜ ਦਾ ਮਾਰਗ ਦਰਸ਼ਨ ਦੱਸਿਆ। ਸੰਸਥਾ ਦੇ ਪ੍ਰਧਾਨ ਸਤਪਾਲ ਸਾਹਲੋਂ ਨੇ ਸੰਸਥਾ ਦੀਆਂ ਹੁਣ ਤੱਕ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਕਹਾਣੀਕਾਰ ਅਜਮੇਰ ਸਿੱਧੂ ਨੇ ਸੰਸਥਾ ਦੀਆਂ ਨਿਵੇਕਲੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ। ਇਸ ਮੌਕੇ ਕਵੀ ਦਰਬਾਰ ਵਿੱਚ ਤਰਸੇਮ ਸਾਕੀ, ਅਮਰਜੀਤ ਜਿੰਦ, ਹਰਬੰਸ ਕੌਰ, ਦੇਸ ਰਾਜ ਬਾਲੀ, ਪ੍ਰਹਲਾਦ ਅਟਵਾਲ, ਹਰਮਿੰਦਰ ਹੈਰੀ, ਸੁੱਚਾ ਰਾਮ ਜਾਡਲਾ, ਹਰੀ ਕ੍ਰਿਸ਼ਨ ਪਟਵਾਰੀ, ਦਵਿੰਦਰ ਸਕੋਹਪੁਰੀ, ਰਾਮ ਨਾਥ ਤੇ ਬੇਬੀ ਹਿਤਾਂਸੀ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ। ਇਸ ਦੌਰਾਨ ਪਰਿਵਾਰ ਵਲੋਂ ਵਿਨੈ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।