ਸੁਰਜੀਤ ਮਜਾਰੀ
ਬੰਗਾ, 10 ਸਤੰਬਰ
ਸਥਾਨਕ ਸਿੱਖ ਨੈਸ਼ਨਲ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਦਾ 71ਵਾਂ ਜਨਮ ਦਿਨ ਮਨਾਇਆ ਗਿਆ। ਇਸ ਸਬੰਧੀ ਹੋਏ ਸਾਹਿਤਕ ਸਮਾਗਮ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਸ਼ ਪੰਜਾਬ ਦੀ ਧਰਤੀ ਦਾ ਅਜਿਹਾ ਵੱਡਾ ਸ਼ਾਇਰ ਹੋਇਆ ਹੈ ਜਿਸ ਨੇ ਲੋਕਾਂ ਦੇ ਸੱਚ ਤੇ ਹੱਕ ਦੀ ਗੱਲ ਕਰਦਿਆਂ ਸਮਾਜ ਵਿਚਲੀਆਂ ਵਧੀਕੀਆਂ ਤੇ ਬੇਇਨਸਾਫ਼ੀਆਂ ਖਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਪਾਸ਼ ਦੀਆਂ ਕਾਵਿ ਪੈੜਾਂ ਰਾਹੀਂ ਜਾਗਰੂਕਤਾ ਦਾ ਹੋਕਾ ਦਿੰਦਿਆਂ ਕਿਹਾ ਕਿ ਵਿਦਿਆਰਥੀ ਵਰਗ ਲਈ ਉਸਾਰੂ ਸਾਹਿਤ ਦਾ ਅਧਿਐਨ ਚਰਿੱਤਰ ਨਿਰਮਾਣ ਵਜੋਂ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਾਹਿਤਕਾਰ ਅਜ਼ਮੇਰ ਸਿੱਧੂ ਨੇ ਪਾਸ਼ ਦੀ ਜੀਵਨੀ ’ਤੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਤਸੱਲੀਬਖ਼ਸ ਦਿੱਤੇ ਅਤੇ ਪਾਠਕਾਂ ਦੇ ਕਈ ਭੁਲੇਖਿਆਂ ਤੋਂ ਪਰਦਾ ਚੁੱਕਿਆ। ਪੰਜਾਬੀ ਵਿਭਾਗ ਦੇ ਮੁੱਖੀ ਡ. ਨਿਰਮਲਜੀਤ ਕੌਰ ਨੇ ਕਿਹਾ ਕਿ ਮਹਬਿੂੂਬ ਕਵੀ ਪਾਸ਼ ਨੂੰ ਯਾਦ ਕਰਨਾ ਅੱਜ ਦੇ ਦੌਰ ਦੀਆਂ ਮੁਸੀਬਤਾਂ ਵਿਰੁੱਧ ਸੰਘਰਸ਼ ਲਈ ਇੱਕ ਨਵਾਂ ਉਤਸ਼ਾਹ ਪੈਦਾ ਕਰਨਾ ਹੈ। ਮੰਚ ਦਾ ਸੰਚਾਲਨ ਪ੍ਰੋ. ਤਜਿੰਦਰ ਸਿੰਘ ਨੇ ਕੀਤਾ ਅਤੇ ਪ੍ਰੋ. ਅਨੁਪਮ ਕੌਰ ਨੇ ਧੰਨਵਾਦ ਕੀਤਾ।