ਪੱਤਰ ਪ੍ਰੇਰਕ
ਤਲਵਾੜਾ, 31 ਅਕਤੂਬਰ
ਉਰਦੂ, ਹਿੰਦੀ ਤੇ ਪੰਜਾਬੀ ਦੇ ਮਕਬੂਲ ਸ਼ਾਇਰ ਸਵ ਨਰੇਸ਼ ਗੁਮਨਾਮ ਦੀ ਪਹਿਲੀ ਬਰਸੀ ’ਤੇ ਉਨ੍ਹਾਂ ਦੇ ਜੱਦੀ ਪਿੰਡ ਭਟੇੜ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਖ਼ੇਤਰ ਦੇ ਸ਼ਾਇਰਾਂ ਨੇ ਸ਼ਾਇਰਾਨਾ ਮਹਿਫ਼ਿਲ ਸਜਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪੰਜਾਬੀ ਸਾਹਿਤ ਅਤੇ ਕਲਾ ਮੰਚ ਤਲਵਾੜਾ ਵੱਲੋਂ ਡਾ. ਅਮਰਜੀਤ ਅਨੀਸ ਨੇ ਆਪਣੇ ਸੰਗੀਤਕ ਕਲਾਮ ਰਾਹੀਂ ਜਨਾਬ ਗੁਮਨਾਮ ਨੂੰ ਯਾਦ ਕੀਤਾ। ਰਾਜਿੰਦਰ ਮਹਿਤਾ ਕਮਾਹੀ ਦੇਵੀ, ਧਿਆਨ ਸਿੰਘ ‘ਚੰਦਨ’ ਆਦਿ ਨੇ ਸਵ ਗੁਮਨਾਮ ਦੀ ਸ਼ਖਸੀਅਤ ਨੂੰ ਮੁੱਖ ਰੱਖ ਕੇ ਬੇਹੱਦ ਭਾਵੁਕ ਰਚਨਾਵਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਸੀਨੀਅਰ ਪੱਤਰਕਾਰ ਸੁਦਰਸ਼ਨ ਕੁਮਾਰ, ਭਾਜਪਾ ਆਗੂ ਸੱਤਪਾਲ ਸ਼ਾਸਤਰੀ, ਪੰ. ਹੇਮ ਰਾਜ, ਇੰਜ. ਧਰਮਿੰਦਰ ਸਿੰਘ ਵੜੈਚ, ਮੁਲਾਜ਼ਮ ਆਗੂ ਬੋਧ ਰਾਜ ਨੇ ਕਿਹਾ ਕਿ ਜਨਾਬ ਗੁਮਨਾਮ ਆਪਣੀਆਂ ਲੋਕ ਪੱਖੀ ਰਚਨਾਵਾਂ ਰਾਹੀਂ ਲੋਕਾਂ ਵਿੱਚ ਹਮੇਸ਼ਾ ਯਾਦ ਕੀਤੇ ਜਾਣਗੇ। ਮਦਨ ਲਾਲ ਵਸ਼ਿਸ਼ਟ ਦੀ ਵੰਝਲੀ ਦੀ ਧੁਨ ਨੇ ਸੁਰਮਈ ਮਾਹੌਲ ਸਿਰਜ ਦਿੱਤਾ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ,ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਕਿਹਾ ਗੁਮਨਾਮ ਵਰਗੀਆਂ ਸ਼ਖਸੀਅਤਾਂ ਸਮਾਜ ਲਈ ਚਾਨਣ ਮੁਨਾਰਾ ਬਣ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਹ ਵਿਖਾਉਂਦੀਆਂ ਹਨ। ਪਰਿਵਾਰ ਵੱਲੋਂ ਪੁੱਤਰ ਰਾਜੀਵ ਓਸ਼ੋ, ਨੂੰਹ ਸੀਮਾ, ਪੋਤਰੇ ਹਿਮਾਂਸ਼ੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰੋਜ ਊਨਾ, ਇੰਜ. ਮਨੋਜ ਤੇ ਵਿਜੈ ਭਾਰਤੀ, ਵੀਨਾ, ਓਮ ਪ੍ਰਕਾਸ਼ ਓਹਰੀ ਸ਼੍ਰੀ ਹਰਗੋਬਿੰਦਪੁਰ, ਰੋਹਿਤ ਸ਼ਰਮਾ, ਜਗਜੀਵਨ ਹਾਜ਼ਰ ਸਨ।