ਹਰਪ੍ਰੀਤ ਕੌਰ
ਹੁਸ਼ਿਆਰਪੁਰ, 3 ਮਈ
ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ’ਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗ ਗਏ ਹਨ। ਇਨ੍ਹਾਂ ਦੇ ਚੱਲਦਿਆਂ ਲੋਕਾਂ ਦਾ ਜੀਉਣਾ ਮੁਹਾਲ ਹੋ ਗਿਆ ਹੈ। ਹੜਤਾਲ ਨੂੰ ਇਕ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਨਾ ਤਾਂ ਨਿਗਮ ਪ੍ਰਸ਼ਾਸਨ ਅਤੇ ਨਾ ਹੀ ਸਥਾਨਕ ਮੰਤਰੀ ਇਸ ਦਾ ਕੋਈ ਹੱਲ ਕੱਢ ਸਕੇ ਹਨ। ਹੜਤਾਲ ਕਾਰਨ ਨਾ ਡੋਰ-ਟੂ-ਡੋਰ ਕੂੜਾ ਕਰਕਟ ਚੁੱਕਿਆ ਜਾ ਰਿਹਾ ਹੈ, ਨਾ ਸੜਕਾਂ ਦੀ ਸਫ਼ਾਈ ਹੋ ਰਹੀ ਹੈ ਅਤੇ ਨਾ ਸੀਵਰ ਸਾਫ਼ ਹੋ ਰਹੇ ਹਨ। ਸਫ਼ਾਈ ਕਰਮਚਾਰੀਆਂ ਦੀ ਮੰਗ ਹੈ ਕਿ ਆਊਟਸੋਰਸ ’ਤੇ ਰੱਖੇ ਸਾਰੇ 120 ਕਰਮਚਾਰੀਆਂ ਨੂੰ ਡੀ.ਸੀ ਰੇਟ ’ਤੇ ਰੱਖਿਆ ਜਾਵੇ ਜਦੋਂਕਿ ਨਗਰ ਨਿਗਮ ਨੇ 75 ਕਰਮਚਾਰੀਆਂ ਨੂੰ ਡੀ.ਸੀ ਰੇਟ ’ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਨਿਗਮ ਦੇ ਮੇਅਰ ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਯੂਨੀਅਨ ਦੇ ਆਗੂਆਂ ਨਾਲ ਗੱਲ ਕੀਤੀ ਗਈ ਹੈ ਪਰ ਉਹ ਆਪਣੀ ਜ਼ਿੱਦ ’ਤੇ ਅੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਛੇਤੀ ਹੀ ਹਾਊਸ ਦੀ ਮੀਟਿੰਗ ਸੱਦ ਕੇ ਇਸ ਮਾਮਲੇ ’ਤੇ ਵਿਚਾਰ ਕੀਤਾ ਜਾਵੇਗਾ।