ਫਿਲੌਰ: ਇੱਥੇ ਅੱਜ ਤਹਿਸੀਲ ਕੰਪਲੈਕਸ ’ਚ ਕੰਮ ਕਰਦੇ ਟਾਈਪਿਸਟ ਅਤੇ ਅਜਿਹੇ ਕੰਮ ’ਚ ਲੱਗੇ ਹੋਰ ਵਿਅਕਤੀਆਂ ਦੀ ਐੱਸਡੀਐੱਮ ਆਈਏਐੱਸ ਓਜੈੱਸਵੀ ਫਿਲੌਰ ਨੇ ਪੜਤਾਲ ਕੀਤੀ। ਜਿਨ੍ਹਾਂ ਕੋਲ ਯੋਗ ਲਾਇਸੈਂਸ ਨਹੀਂ ਸਨ, ਉਨ੍ਹਾਂ ਦਾ ਸਾਮਾਨ ਜ਼ਬਤ ਕਰ ਲਿਆ ਗਿਆ। ਇਸ ਦੌਰਾਨ ਪ੍ਰੇਸ਼ਾਨ ਵਿਅਕਤੀਆਂ ਨੇ ਕਈ ਤਰ੍ਹਾਂ ਦੇ ਮੁੱਦੇ ਉਠਾਉਂਦਆ ਦਾਅਵਾ ਕੀਤਾ ਕਿ ਉਹ ਪਿਛਲੇ ਪੱਚੀ-ਤੀਹ ਸਾਲਾਂ ਤੋਂ ਬੈਠ ਕੇ ਆਪਣਾ ਰੁਜ਼ਗਾਰ ਕਰ ਰਹੇ ਹਨ। ਕੁੱਝ ਵਿਅਕਤੀਆਂ ਨੇ ਇਸ ਸਬੰਧੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਵੀ ਮੰਗੀ। ਐੱਸਡੀਐੱਮ ਨੇ ਕਿਹਾ ਕਿ ਬਹੁਤ ਸਾਰੇ ਟਾਈਪਿਸਟ ਬਿਨਾਂ ਮਨਜ਼ੂਰੀ ਤੋਂ ਬੈਠੇ ਹਨ। ਇਨ੍ਹਾਂ ’ਚੋਂ ਯੋਗ ਵਿਅਕਤੀਆਂ ਦੇ ਲਾਇਸੈਂਸ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਉਹ ਇਹ ਵੀ ਪਤਾ ਲਗਾਉਣਗੇ ਕਿ ਕਿੰਨੇ ਟਾਈਪਿਸਟ ਮਨਜ਼ੂਰੀ ਨਾਲ ਕੰਮ ਕਰਦੇ ਹਨ। ਇਸ ਦੌਰਾਨ ਉਨ੍ਹਾਂ ਪਟਵਾਰਖਾਨੇ ਦੀ ਵੀ ਪੜਤਾਲ ਕੀਤੀ, ਜਿਥੇ ਇੱਕ ਵਿਅਕਤੀ ਨੂੰ ਅਣਅਧਿਕਾਰਤ ਤੌਰ ’ਤੇ ਕੰਮ ਕਰਦੇ ਨੂੰ ਫੜਿਆ ਗਿਆ। -ਪੱਤਰ ਪ੍ਰੇਰਕ