ਸਰਬਜੀਤ ਸਿੰਘ ਗਿੱਲ
ਫਿਲੌਰ, 16 ਸਤੰਬਰ
ਸੱਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ’ਚ ਕੱਲ੍ਹ ਤੋਂ ਚਲਦੇ ਧਰਨੇ ਦੇ ਦੂਜੇ ਦਿਨ ਜਥੇਬੰਦੀਆਂ ਦੇ ਆਗੂਆਂ ਨੇ ਬਾਅਦ ਦੁਪਹਿਰ 2 ਵਜੇ ਤੱਕ ਦੇ ਦਿੱਤੇ ਅਲਟੀਮੇਟ ਦੇ ਬਾਵਜੂਦ ਕੋਈ ਅਧਿਕਾਰੀ ਨਾ ਪੁੱਜਿਆ ਤਾਂ ਜਥੇਬੰਦੀਆਂ ਨੇ ਜੀਟੀ ਰੋਡ ਜਾਮ ਕਰ ਦਿੱਤੀ। ਇਸ ਦੌਰਾਨ ਜੀਟੀ ਰੋਡ ’ਤੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਘੰਟੇ ਦੇ ਜਾਮ ਦੌਰਾਨ ਪ੍ਰਸ਼ਾਸਨ ਵਲੋਂ ਗੱਲਬਾਤ ਦਾ ਸੱਦਾ ਆਉਣ ’ਤੇ ਜਾਮ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਤੇ ਹੋਰਨਾਂ ਜਥੇਬੰਦੀਆਂ ਨੇ ਹਮਾਇਤ ਕੀਤੀ, ਜਿਸ ’ਚ ਉਚੇਚੇ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਅਮਰੀਕ ਸਿੰਘ ਭਾਰ ਸਿੰਘ ਪੁਰੀ, ਜਮਹੂਰੀ ਕਿਸਾਨ ਸਭਾ ਦੇ ਤਰਜਿੰਦਰ ਸਿੰਘ ਧਾਲੀਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਵਿੱਤ ਸਕੱਤਰ ਹਰਨੇਕ ਸਿੰਘ ਮਾਲੜੀ, ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਐਡਵੋਕੇਟ ਅਜੈ ਫਿਲੌਰ ਤੇ ਮੱਖਣ ਸੰਗਰਾਮੀ, ਆਲ ਇੰਡੀਆ ਕਿਸਾਨ ਸਭਾ ਦੇ ਸਵਰਨ ਸਿੰਘ ਅਕਲਪੁਰੀ ਨੇ ਆਪਣੇ ਸੰਬੋਧਨਾਂ ਰਾਹੀਂ ਹਮਾਇਤ ਕੀਤੀ। ਅੱਜ ਪੰਜਾਬ ਖੇਤ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਗੋਰੀਆ, ਜਨਰਲ ਸਕੱਤਰ ਦੇਵੀ ਕੁਮਾਰੀ, ਜ਼ਿਲ੍ਹਾ ਆਗੂ ਸਿਕੰਦਰ ਸਿੰਘ ਸੰਧੂ, ਏਟਕ ਦੇ ਸੂਬਾ ਪ੍ਰਧਾਨ ਬੰਤ ਸਿੰਘ ਬਰਾੜ, ਪੰਜਾਬ ਕਿਸਾਨ ਸਭਾ ਦੇ ਸੂਰਤ ਸਿੰਘ ਧਰਮਕੋਟ ਨੇ ਉਚੇਚੇ ਤੌਰ ’ਤੇ ਹਾਜ਼ਰੀ ਲਵਾਈ। ਜਥੇਬੰਦੀਆਂ ਵਲੋਂ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਲਈ ਦਸ-ਦਸ ਲੱਖ ਰੁਪਏ ਅਤੇ ਨੌਕਰੀ ਦੀ ਮੰਗ ਰੱਖੀ ਗਈ ਹੈ। ਪ੍ਰਸ਼ਾਸਨ ਵਲੋਂ ਕਿਹਾ ਗਿਆ ਕਿ ਸਿਫਾਰਸ਼ ਭੇਜ ਦਿੱਤੀ ਗਈ ਹੈ।