ਜਸਬੀਰ ਸਿੰਘ ਚਾਨਾ
ਫਗਵਾੜਾ, 30 ਮਈ
ਇਥੋਂ ਦੇ ਮੁਹੱਲਾ ਚਾਹਲ ਨਗਰ ਦੀ ਵਸਨੀਕ ਸੁਰਭੀ ਸਿੰਗਲਾ (27) ਨੇ ਯੂਪੀਐੱਸਈ ਵੱਲੋਂ ਐਲਾਨੇ ਗਏ ਨਤੀਜੇ ਵਿੱਚ 75ਵਾਂ ਰੈਂਕ ਹਾਸਲ ਕੀਤਾ ਹੈ। ਸੁਰਭੀ ਦੇ ਪਿਤਾ ਵਿਪਨ ਸਿੰਗਲਾ ਪੇਸ਼ੇ ਪੱਖੋਂ ਸਨਅਤਕਾਰ ਹਨ। ਸੁਰਭੀ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਡੀਪੀਐੱਸ ਸਕੂਲ ਜਲੰਧਰ ਤੋਂ ਪ੍ਰਾਪਤ ਕੀਤੀ। ਇਸ ਮਗਰੋਂ ਉਸ ਨੇ ਆਈਆਈਟੀ ਦਿੱਲੀ ਤੋਂ ਕੈਮੀਕਲ ਇੰਜਨੀਅਰਿੰਗ ਕੀਤੀ। ਉਸ ਨੇ 2018, 2019, 2020 ਵਿੱਚ ਯੂਪੀਐੱਸਸੀ ਦੇ ਇਮਤਿਹਾਨ ਦਿੱਤੇ ਪਰ ਉਹ ਸਫ਼ਲ ਨਹੀਂ ਹੋ ਸਕੀ ਸੀ। ਸੁਰਭੀ ਦੀ ਮਾਤਾ ਪਾਇਲ ਸਿੰਗਲਾ, ਦਾਦੀ ਰੂਪ ਚੰਦ ਸਿੰਗਲਾ, ਤਾਇਆ ਅਜੈ ਸਿੰਗਲਾ ਤੇ ਤਾਈ ਪੁਸ਼ਪਾ ਸਿੰਗਲਾ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਥੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸੀ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਉਹ ਪੜ੍ਹਾਈ ਨੂੰ ਵਧੇਰੇ ਸਮਾਂ ਦਿੰਦੀ ਸੀ। ਸੁਰਭੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਨਅਤਕਾਰ ਅਨਿਲ ਸਿੰਗਲਾ, ਵਿਜੈ ਸਿੰਗਲਾ, ਰਜੇਸ਼ ਸਿੰਗਲਾ ਤੇ ਪੰਕਜ ਸਿੰਗਲਾ ਸਮੇਤ ਹੋਰ ਕਈ ਸਨਅਤਕਾਰਾਂ ਨੇ ਉਨ੍ਹਾਂ ਦੇ ਘਰ ਪੁੱਜ ਕੇ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸੁਰਭੀ ਅਜੇ ਦਿੱਲੀ ਹੈ ਅਤੇ ਅਗਲੇ 2-3 ਦਿਨਾਂ ’ਚ ਘਰ ਪੁੱਜੇਗੀ। ਧੀ ਨੂੰ ਮਿਲੀ ਸਫਲਤਾ ਬਾਅਦ ਮਾਿਪਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸੁਰਭੀ ਦੇ ਪਿਤਾ ਨੇ ਆਪਣੀ ਧੀ ਦੀ ਸਫਲਤਾ ਪਿੱਛੇ ਉਸ ਵੱਲੋਂ ਕੀਤੀ ਸਖਤ ਮਿਹਨਤ ਅਤੇ ਉਸ ਵੱਲੋਂ ਪ੍ਰੀਖਿਆ ਪਾਸ ਕਰਨ ਦੇ ਦ੍ਰਿੜ ਨਿਸਚੈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਧੀ ਨੇ ਊਨ੍ਹਾਂ ਦਾ ਮਾਣਾਂ ਵਧਾਇਆ ਹੈ।