ਪੱਤਰ ਪ੍ਰੇਰਕ
ਫਗਵਾੜਾ, 24 ਅਪਰੈਲ
ਚੋਰਾਂ ਨੇ ਬੀਤੀ ਰਾਤ ਇੱਥੋਂ ਦੇ ਸਿਨੇਮਾ ਰੋਡ ’ਤੇ ਚਾਰ ਦੁਕਾਨਾ ਨੂੰ ਨਿਸ਼ਾਨਾ ਬਣਾ ਕੇ ਸਾਮਾਨ ਚੋਰੀ ਕਰ ਲਿਆ ਹੈ। ਘਟਨਾ ਸਬੰਧੀ ਹਰਮੀਤ ਸਿੰਘ (ਬਤਰਾ ਸ਼ੂਅ ਸਟੋਰ) ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਦੁਕਾਨ ਦੇ ਸ਼ੱਟਰ ਪੁੱਟੇ ਹੋਏ ਹਨ ਤੇ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਚੋਰਾਂ ਨੇ ਉਨ੍ਹਾਂ ਦੀਆਂ ਦੋਵਾਂ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰੋਂ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਸੀ ਤੇ ਇੱਕ ਕੈਮਰਾ ਵੀ ਲੈ ਗਏ ਸਨ। ਇਸੇ ਤਰ੍ਹਾਂ ਸੁਰਿੰਦਰਾ ਗਾਰਮੈਂਟਸ ਦੀ ਦੁਕਾਨ ਦੇ ਮਾਲਕ ਜੁਗਲ ਕਿਸ਼ੋਰ ਨੇ ਦੱਸਿਆ ਕਿ ਉਸਦੀ ਦੁਕਾਨ ਦਾ ਵੀ ਚੋਰਾਂ ਨੇ ਸ਼ਟਰ ਪੁੱਟਿਆ ਹੈ। ਇਸੇ ਤਰ੍ਹਾਂ ਉੱਪਲ ਸਵੀਟਸ ਤੇ ਬੇਕਰੀ ਦੀ ਦੁਕਾਨ ਦਾ ਸ਼ਟਰ ਪੁੱਟ ਕੇ ਚੋਰਾਂ ਨੇ ਅੰਦਰੋਂ 6 ਹਜ਼ਾਰ ਰੁਪਏ ਦੀ ਨਕਦੀ ਤੇ ਦੋ ਕੈਮਰੇ ਚੋਰੀ ਕੀਤੇ ਹਨ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਮੋਬਾਈਲ ਦੀ ਦੁਕਾਨ ਤੋਂ ਲੱਖਾਂ ਦਾ ਸਾਮਾਨ ਚੋਰੀ
ਫਗਵਾੜਾ (ਪੱਤਰ ਪ੍ਰੇਰਕ): ਚੋਰਾਂ ਨੇ ਜੀ.ਆਰ.ਡੀ. ਕਾਲਜ ਦੀ ਮਾਰਕੀਟ ’ਚ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਬੀਤੀ ਰਾਤ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਦੇ ਮਾਲਕ ਸੰਜੀਵ ਕੁਮਾਰ (ਐੱਚ.ਐੱਸ. ਮੋਬਾਈਲ) ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਸ਼ਾਮ ਨੂੰ ਬੰਦ ਕਰ ਕੇ ਗਏ ਸਨ ਤੇ ਅੱਜ ਸਵੇਰੇ ਉਸਨੂੰ 7.45 ਵਜੇ ਗੁਆਂਢੀ ਦੁਕਾਨਦਾਰ ਦਾ ਫ਼ੋਨ ਆਇਆ। ਉਸਨੇ ਜਾ ਕੇ ਦੇਖਿਆ ਤਾਂ ਚੋਰਾਂ ਨੇ ਸ਼ਟਰ ਪੁੱਟਿਆ ਹੋਇਆ ਸੀ ਤੇ ਆਲੇ ਦੁਆਲੇ ਤੋਂ ਕੰਧ ਵੀ ਤੋੜੀ ਹੋਈ ਸੀ। ਉਸ ਨੇ ਦੱਸਿਆ ਕਿ ਚੋਰ ਅੰਦਰੋਂ ਮੋਬਾਈਲ, ਲੈਪਟਾਪ, ਨਕਦੀ ਤੇ ਹੋਰ ਸਾਮਾਨ ਲੈ ਗਏ ਹਨ ਜਿਸ ਨਾਲ ਉਨ੍ਹਾਂ ਦਾ ਕਰੀਬ 3 ਤੋਂ 4 ਲੱਖ ਦਾ ਨੁਕਸਾਨ ਹੋਇਆ ਹੈ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਹੈ। ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ ਜੋ ਘਟਨਾ ਨੂੰ ਅੰਜਾਮ ਦੇ ਰਿਹਾ ਹੈ।