ਜਸਬੀਰ ਸਿੰਘ ਚਾਨਾ
ਫਗਵਾੜਾ, 29 ਸਤੰਬਰ
ਫਗਵਾੜਾ-ਨਕੋਦਰ ਸੜਕ ਦੀ ਉਸਾਰੀ ਨੂੰ ਲੈ ਕੇ ਸਰਬ ਸਾਂਝਾ ਫਰੰਟ ਵੱਲੋਂ ਸ਼ੁਰੂ ਕੀਤੇ ਗਏ ਧਰਨੇ ਵਿੱਚ ਅੱਜ ਚੌਥੇ ਦਿਨ ‘ਆਪ’ ਆਗੂ ਪੁੱਜੇ, ਜਿਨ੍ਹਾਂ ਨੇ ਇਸ ਸੜਕ ਨੂੰ ਕੱਲ੍ਹ ਤੋਂ ਮੁਰੰਮਤ ਕਰਵਾਉਣ ਦਾ ਭਰੋਸਾ ਦਿੱਤਾ। ਧਰਨਾਕਾਰੀਆਂ ਵੱਲੋਂ ਭਰੋਸਾ ਮਿਲਣ ਮਗਰੋਂ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।
ਅੱਜ ‘ਆਪ’ ਆਗੂ ਸੰਤੋਸ਼ ਕੁਮਾਰ ਗੋਗੀ, ਮਾਸਟਰ ਨਿਰਮਲ ਸਿੰਘ ਤੇ ਐੱਸਡੀਓ ਪੀਡਬਲਯੂਡੀ ਜਸਪ੍ਰੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਤੋਂ ਇਸ ਸੜਕ ਨੂੰ ਪੱਧਰਾ ਕਰਕੇ ਲੋਕਾਂ ਦੇ ਚੱਲਣ ਯੋਗ ਬਣਾ ਦਿੱਤਾ ਜਾਵੇਗਾ ਤੇ ਪੰਜਾਬ ਸਰਕਾਰ ਵਲੋਂ ਮਾਈਨਿੰਗ ਨੀਤੀ ਦੇ ਸ਼ੁਰੂ ਹੁੰਦਿਆਂ ਹੀ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇਗਾ, ਜਿਸ ’ਤੇ ਧਰਨਾਕਾਰੀਆਂ ਨੇ ਆਪਣੀ ਸਹਿਮਤੀ ਪ੍ਰਗਟਾਈ ਤੇ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ।
ਧਰਨਾਕਾਰੀ ਹਰਪ੍ਰੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਕੰਬੋਜ, ਪਰਮਜੀਤ ਕੌਰ ਕੰਬੋਜ, ਸਰਬਜੀਤ ਕੌਰ, ਜਸਵਿੰਦਰ ਸਿੰਘ ਭਗਤਪੁਰਾ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਗੁਰਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਤੇ ਨਿਤਿਨ ਚੱਢਾ ਨੇ ਕਿਹਾ ਕਿ ਜੇਕਰ ਮਾਈਨਿੰਗ ਨੀਤੀ ਲਾਗੂ ਹੋਣ ’ਤੇ ਵੀ ਸੜਕ ਦਾ ਕੰਮ ਮੁੜ ਸ਼ੁਰੂ ਨਾ ਹੋਇਆ ਤਾਂ ਇਹ ਧਰਨਾ ਮੁੜ ਲਗਾਇਆ ਜਾਵੇਗਾ।