ਜਸਬੀਰ ਸਿੰਘ ਚਾਨਾ
ਫਗਵਾੜਾ, 18 ਸਤੰਬਰ
ਸਤਨਾਮਪੁਰਾ ਖੇਤਰ ਦੇ ਲੋਕਾਂ ਨੂੰ ਰੇਲਵੇ ਲਾਈਨਾਂ ਤੋਂ ਲੰਘਣ ਲਈ ਰਸਤਾ ਲੈਣ ਦੀ ਮੰਗ ਲਈ ਮੁਹੱਲਾ ਵਾਸੀਆਂ ਨੇ ਸਤਨਾਮਪੁਰਾ ਵਿੱਚ ਮੀਟਿੰਗ ਕੀਤੀ ਜਿਸ ’ਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਪੁੱਜੇ ਤੇ ਉਨ੍ਹਾਂ ਇਸ ਮੌਕੇ ਸਬੰਧਤ ਥਾਂ ਦਾ ਜਾਇਜ਼ਾ ਵੀ ਲਿਆ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਕਰੀਬ 10 ਦਿਨ ਪਹਿਲਾਂ ਲੋਕਾਂ ਨੂੰ ਲੰਘਣ ਤੋਂ ਰੋਕਣ ਲਈ ਖੰਭੇ ਲਗਾ ਦਿੱਤੇ ਗਏ ਹਨ ਜਿਸ ਕਾਰਨ ਉਨ੍ਹਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਤਨਾਮਪੁਰਾ ਪੁਲ ਕਾਫ਼ੀ ਉੱਚਾ ਬਣਿਆ ਹੋਇਆ ਹੈ ਜਿਸ ਕਾਰਨ ਸਕੂਲੀ ਬੱਚਿਆਂ, ਬਜ਼ੁਰਗਾਂ ਤੇ ਅਪਾਹਜਾਂ ਨੂੰ ਆਉਣ-ਜਾਣ ਲਈ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਤਨਾਮਪੁਰਾ ਖੇਤਰ ’ਚ ਹਦੀਆਬਾਦ, ਮਨਸਾ ਦੇਵੀ ਨਗਰ, ਭਗਤਪੁਰਾ, ਪ੍ਰੀਤ ਨਗਰ, ਆਦਰਸ਼ ਨਗਰ, ਕੋਟਰਾਣੀ, ਮਸਤ ਨਗਰ ਤੇ ਹੋਰ ਕਰੀਬ ਇੱਕ ਦਰਜਨ ਤੋਂ ਵੱਧ ਇਲਾਕੇ ਤੇ ਪਿੰਡ ਵੀ ਪੈਂਦੇ ਹਨ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ। ਉਨ੍ਹਾਂ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਰੇਲਵੇ ਲਾਈਨ ਕਰਾਸ ਕਰਨ ਲਈ ਅੰਡਰਪਾਸ ਦਾ ਰਸਤਾ ਦੇਣ ਜਾਂ ਜੇ.ਸੀ.ਟੀ. ਮਿੱਲ ਜੀ.ਟੀ. ਰੋਡ ਫਗਵਾੜਾ ਦੇ ਅੱਗੇ ਰੇਲਵੇ ਪੁਲ ਨਾਲ ਰੇਲਵੇ ਲਾਈਨਾਂ ਤੋਂ ਕਰਾਸ ਕਰਨ ਲਈ ਅਲੱਗ ਤੌਰ ’ਤੇ ਮੌਜੂਦ ਰਸਤੇ ਵਰਗਾ ਰਾਹ ਦਿੱਤਾ ਜਾਵੇ। ਸੋਮ ਪ੍ਰਕਾਸ਼ ਨੇ ਇਸ ਮਾਮਲੇ ਨੂੰ ਤੁਰੰਤ ਹੱਲ ਕਰਵਾਉਣ ਦਾ ਭਰੋਸਾ ਦਿੱਤਾ।