ਦਲੇਰ ਸਿੰਘ ਚੀਮਾ
ਭੁਲੱਥ, 25 ਜੁਲਾਈ
ਬੇਗੋਵਾਲ ਪੁਲੀਸ ਨੇ ਬੇਗੋਵਾਲ-ਨਡਾਲੀ ਰੋਡ ’ਤੇ ਸਥਿਤ ਪੈਟਰੋਲ ਪੰਪ ’ਤੇ ਹੋਈ ਲੱਟ ਦਾ ਮਾਮਲਾ 5 ਦਿਨਾਂ ਵਿੱਚ ਸੁਲਝਾ ਲਿਆ ਹੈ। ਇਸ ਸਬੰਧੀ ਐੱਸਐੱਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬੇਗੋਵਾਲ ਪੁਲੀਸ ਨੇ ਥਾਣਾ ਮੁਖੀ ਰਣਜੋਧ ਸਿੰਘ ਦੀ ਅਗਵਾਈ ਵਿੱਚ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮਾਂ ਨੂੰ ਫੀਗੋ ਕਾਰ ਸਮੇਤ ਕਾਬੂ ਕਰ ਲਿਆ ਹੈ। ਇਹ ਕਾਰ ਮੁਲਜ਼ਮਾਂ ਨੇ ਕਰਨਾਲ ਹਰਿਆਣਾ ਤੋਂ ਚੋਰੀ ਕੀਤੀ ਸੀ। ਮੁਲਜ਼ਮਾਂ ਤੋਂ ਪੁੱਛ-ਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਨ੍ਹਾਂ ਨੇ ਹੁਸ਼ਿਆਰਪੁਰ ਅਤੇ ਜਲੰਧਰ ਦਿਹਾਤੀ ਦੇ ਏਰੀਆ ਵਿੱਚ ਲੁੱਟਾਂ-ਖੋਹਾਂ ਕੀਤੀਆਂ ਹਨ। ਪੁਲੀਸ ਨੇ ਕਾਰ ਸਮੇਤ ਪਿਸਤੌਲ 32 ਬੋਰ ਤੇ 4 ਕਾਰਤੂਸ 32 ਬੋਰ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਥਿੰਦਾ ਉਰਫ ਮੰਗਲੀ ਵਾਸੀ ਕਾਲਾ ਬੱਕਰਾ ਥਾਣਾ ਭੋਗਪੁਰ ਤੇ ਜੁਝਾਰ ਸਿੰਘ ਵਾਸੀ ਕਾਲਾ ਬੱਕਰਾ ਥਾਣਾ ਭੋਗਪੁਰ, ਮਨਜਿੰਦਰ ਸਿੰਘ ਉਰਫ ਮਨੀ ਵਾਸੀ ਕਾਲਾ ਬੱਕਰਾ ਥਾਣਾ ਭੋਗਪੁਰ, ਜਸਕਰਨ ਸਿੰਘ ਉਰਫ ਜਿੰਮੀ ਵਾਸੀ ਜਲੋਵਾਲ ਥਾਣਾ ਭੋਗਪੁਰ ਵਜੋਂ ਹੋਈ ਹੈ।
ਨਿਗਮ ਹਾਲ ਵਿੱਚੋਂ ਦੋ ਏਸੀ ਤੇ ਤਿੰਨ ਬੈਟਰੀਆਂ ਚੋਰੀ
ਫਗਵਾੜਾ (ਪੱਤਰ ਪ੍ਰੇਰਕ): ਇੱਥੋਂ ਦੇ ਨਗਰ ਨਿਗਮ ਦਫ਼ਤਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਕੇ ਉੱਥੋਂ ਏ.ਸੀ. ਤੇ ਬੈਟਰੀਆਂ ਚੋਰੀ ਕਰ ਲਈਆਂ। ਏਡੀਸੀ ਡਾ. ਨਯੱਨ ਜੱਸਲ ਨੇ ਦੱਸਿਆ ਕਿ ਸ਼ਨਿੱਚਰਵਾਰ ਤੇ ਐਤਵਾਰ ਦੀ ਛੁੱਟੀ ਸੀ, ਅੱਜ ਸਵੇਰੇ ਜਦੋਂ ਚੌਕੀਦਾਰ ਨੇ ਸੂਚਨਾ ਦਿੱਤੀ ਤਾਂ ਪਤਾ ਲੱਗਿਆ ਕਿ ਲਾਇਬ੍ਰੇਰੀ ਵਾਲੇ ਪਾਸੇ ਦੋ ਏਸੀ ਤੇ ਖੜ੍ਹੇ ਵਾਹਨਾਂ ਦੀਆਂ ਤਿੰਨ ਬੈਟਰੀਆਂ ਚੋਰੀ ਹਨ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਅਨੁਸਾਰ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।