ਸਰਬਜੀਤ ਗਿੱਲ
ਫਿਲੌਰ, 13 ਮਈ
ਹੜਤਾਲ ਖਤਮ ਕਰਨ ਮਗਰੋਂ ਹੁਣ ਪਟਵਾਰੀਆਂ ਨੇ ਵਾਧੂ ਹਲਕਿਆਂ ਦਾ ਕੰਮ ਕਰਨਾ ਛੱਡ ਦਿੱਤਾ ਹੈ, ਜਿਸ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲੌਰ ਤਹਿਸੀਲ ’ਚ ਕੁੱਲ 113 ਹਲਕਿਆਂ ’ਚ 21 ਪਟਵਾਰੀ ਹਨ। ਇਨ੍ਹਾਂ ਪਟਵਾਰੀਆਂ ਨੇ ਦੂਜੇ ਹਲਕਿਆਂ ਦਾ ਕੰਮ ਬੰਦ ਕਰ ਦਿੱਤਾ ਹੈ ਜਿਸ ਕਾਰਨ ਆਮ ਜਨਤਾ ਦੇ ਨਾਲ-ਨਾਲ ਵਿਦੇਸ਼ ਜਾਣ ਵਾਲੇ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਹਨ। ਸਬ ਡਿਵੀਜ਼ਨ ’ਚ ਪਟਵਾਰੀਆਂ ਦੀ ਘਾਟ ਕੋਈ ਨਵੀਂ ਨਹੀਂ ਹੈ। 2015 ਦੌਰਾਨ 50 ਪਟਵਾਰੀ ਸਬ ਡਵੀਜ਼ਨ ’ਚ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਹੁਣ ਸਿਰਫ਼ 21 ਪਟਵਾਰੀ ਹੀ ਕੰਮ ’ਤੇ ਰਹਿ ਗਏ ਹਨ। ਇਸ ਸਬੰਧੀ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਵਿਦੇਸ਼ ’ਚ ਪੜ੍ਹਾਈ ਲਈ ਜਾਣਾ ਚਾਹੁੰਦਾ ਹੈ, ਜਿਸ ਲਈ ਉਸ ਨੇ ਬੈਂਕ ਤੋਂ ਲਿਮਟ ਬਣਾਈ ਪਰ ਰਜਿਸਟਰੀ ਹੋਣ ਦੇ ਬਾਵਜੂਦ ਇੰਤਕਾਲ ਦਰਜ ਨਹੀਂ ਹੋ ਰਿਹਾ। ਬੈਂਕ ਮੈਨੇਜਰ ਮੁਤਾਬਿਕ ਜਿੰਨਾ ਚਿਰ ਇੰਤਕਾਲ ਦਰਜ ਨਹੀਂ ਹੁੰਦਾ ਉਨਾ ਚਿਰ ਬੈਂਕ ਕਰਜ਼ਾ ਨਹੀਂ ਦੇ ਸਕਦਾ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ ਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਲਕਿਆਂ ਦੀ ਗਿਣਤੀ ਅਨੁਸਾਰ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ। ਪਟਵਾਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਦਾਖਲੇ ਦੇ ਦਿਨ ਚੱਲ ਰਹੇ ਹਨ, ਜੇਕਰ ਕਿਸੇ ਵੀ ਹਲਕੇ ਦਾ ਵਿਦਿਆਰਥੀ ਸਰਟੀਫੀਕੇਟ ਸਬੰਧੀ ਆਉਂਦਾ ਹੈ ਤਾਂ ਉਸ ਨੂੰ ਤਸਦੀਕ ਕੀਤਾ ਜਾਵੇਗਾ ਪਰ ਵਾਧੂ ਹਲਕਿਆਂ ਦੇ ਇੰਤਕਾਲ ਅਤੇ ਹੋਰ ਕੰਮ ਨਹੀਂ ਕੀਤੇ ਜਾਣਗੇ।