ਪੱਤਰ ਪ੍ਰੇਰਕ
ਫਗਵਾੜਾ, 24 ਸਤੰਬਰ
ਫਗਵਾੜਾ-ਨਕੋਦਰ ਸੜਕ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਲੋਕਾਂ ਨੇ ਸਰਬ ਸਾਂਝਾ ਮੰਚ ਕਾਇਮ ਕਰ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਫ਼ਰੰਟ ਆਗੂ ਹਰਪ੍ਰੀਤ ਸਿੰਘ ਸੋਨੂੰ ਤੇ ਸੁਖਵਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਮਾਮਲੇ ਸਬੰਧੀ ਇਲਾਕੇ ਦੇ 7 ਕੌਂਸਲਰਾਂ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਮੀਟਿੰਗ ਕੀਤੀ ਤੇ ਇਸ ਖਿਲਾਫ਼ ਸੰਘਰਸ਼ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ 26 ਸਤੰਬਰ ਨੂੰ ਰਾਮਗੜ੍ਹੀਆ ਕਾਲਜ ਨਜ਼ਦੀਕ ਇੱਕ ਵੱਡੇ ਪੱਧਰ ਦਾ ਧਰਨਾ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਉਹ ਧਰਨੇ ਵਿੱਚ ਪਹੁੰਚਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਉਹ ਸੜਕ ਨੂੰ ਵੀ ਜਾਮ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਸ਼ੂਗਰ ਮਿੱਲ ਓਵਰਬ੍ਰਿਜ ਤੇ ਹੁਸ਼ਿਆਰਪੁਰ ਰੋਡ ’ਤੇ ਬੰਦ ਪਏ ਰਸਤੇ ਨੂੰ ਵੀ ਖੋਲ੍ਹਿਆ ਜਾਵੇ। ਇਸੇ ਦੌਰਾਨ ਇਲਾਕਾ ਨਿਵਾਸੀਆਂ ਨੇ ਐੱਸਡੀਐੱਮ ਦੇ ਨਾਂ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ ਨੂੰ ਦਿੱਤਾ ਹੈ।