ਜਸਬੀਰ ਸਿੰਘ ਚਾਨਾ
ਫਗਵਾੜਾ, 27 ਸਤੰਬਰ
ਸਰਬ ਸਾਂਝਾ ਫ਼ਰੰਟ ਵਲੋਂ ਫਗਵਾੜਾ-ਨਕੋਦਰ ਸੜਕ ਨੂੰ ਬਣਾਉਣ ਲਈ ਸ਼ੁਰੂ ਕੀਤਾ ਧਰਨਾ ਅੱਜ ਦੂਸਰੇ ਦਿਨ ’ਚ ਦਾਖ਼ਲ ਹੋ ਗਿਆ ਹੈ। ਅੱਜ ਦੇ ਧਰਨੇ ’ਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼, ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਸ਼੍ਰੋਮਣੀ ਕਮੇਟੀ ਮੈਂਬਰ ਸਰਵਣ ਸਿੰਘ ਕੁਲਾਰ, ‘ਆਪ’ ਆਗੂ ਮਾਸਟਰ ਨਿਰਮਲ ਸਿੰਘ ਆਦਿ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀ ਇਹ ਸਮੱਸਿਆ ਬੜੀ ਜਾਇਜ਼ ਹੈ। ਭਾਵੇਂ ਮਾਈਨਿੰਗ ਨੀਤੀ ਕਰਕੇ ਇਹ ਕੰਮ ਰੁਕਿਆ ਹੋਇਆ ਹੈ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਸੜਕ ਦਾ ਤੁਰੰਤ ਹੱਲ ਕਰਵਾਇਆ ਜਾਵੇ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਅੱਜ ਨਿਗਮ ਕਮਿਸ਼ਨਰ, ਐੱਸ.ਪੀ ਤੇ ਡੀ.ਐੱਸ.ਪੀ. ਮੌਕੇ ’ਤੇ ਪੁੱਜੇ। ਧਰਨਾਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ 2 ਅਕਤੂਬਰ ਨੂੰ ਇਸ ਸੜਕ ’ਤੇ ਮਾਤਾ ਮਨਸਾ ਦੇਵੀ ਦਾ ਮੇਲਾ ਹੈ, ਜਿਥੇ ਹਜ਼ਾਰਾ ਸ਼ਰਧਾਲੂਆਂ ਦੀ ਆਸਥਾ ਹੈ ਤੇ ਉਹ ਮੱਥਾ ਟੇਕਣ ਲਈ ਇਥੇ ਪੁੱਜਦੇ ਹਨ, ਇਸ ਲਈ ਸੜਕ ਨੂੰ ਪੱਧਰੀ ਕਰਕੇ ਪਾਣੀ ਦਾ ਛਿੜਕਾਅ ਕਰਵਾਇਆ ਜਾਵੇ ਤੇ ਫ਼ਿਲਹਾਲ ਟੋਇਆ ਨੂੰ ਪੂਰਿਆ ਜਾਵੇ। ਧਰਨਾਕਾਰੀਆਂ ਦੇ ਆਗੂ ਹਰਪ੍ਰੀਤ ਸਿੰਘ ਸੋਨੂੰ ਤੇ ਸੁਖਵਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਦਿੱਤੇ ਭਰੋਸੇ ’ਤੇ ਉਨ੍ਹਾਂ ਨੂੰ ਤਸੱਲੀ ਨਹੀਂ ਹੈ, ਜਿਸ ਕਰਕੇ ਇਹ ਧਰਨਾ ਕੱਲ੍ਹ ਵੀ ਜਾਰੀ ਰਹੇਗਾ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਮੁਸਾਪੂਰ, ਕੁਲਵਿੰਦਰ ਸਿੰਘ, ਗਾਇਕ ਫ਼ਿਰੋਜ਼ ਖਾਨ ਆਦਿ ਨੇ ਵੀ ਸੰਬੋਧਨ ਕੀਤਾ।