ਪੱਤਰ ਪ੍ਰੇਰਕ
ਫਗਵਾੜਾ, 12 ਅਪਰੈਲ
ਇੱਥੋਂ ਦੇ ਵਰਿੰਦਰ ਪਾਰਕ ਦੇ ਬਾਹਰ ਡੰਪ ਦਾ ਕੂੜਾ ਨਾ ਚੁੱਕ ਹੋਣ ਕਾਰਨ ਕੂੜੇ ਦੇ ਢੇਰ ਸੜਕ ਦੇ ਵਿਚਕਾਰ ਤੱਕ ਆ ਗਏ ਹਨ, ਜਿਸ ਕਾਰਨ ਲੋਕਾਂ ਨੂੰ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਸਬੰਧੀ ਸ਼ਹਿਰ ਵਾਸੀ ਪਰਮਿੰਦਰ ਸਿੰਘ ਤੇ ਸਤਨਾਮ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਇਸ ਡੰਪ ਤੋਂ ਕੂੜਾ ਬਿਲਕੁਲ ਵੀ ਨਹੀਂ ਚੁਕਿਆ ਜਾ ਰਿਹਾ ਜਿਸ ਕਾਰਨ ਕੂੜੇ ਦੇ ਢੇਰ ਸੜਕਾਂ ਦੇ ਵਿਚਕਾਰ ਤੱਕ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੂੜੇ ਕਾਰਨ ਬਿਮਾਰੀ ਫ਼ੈਲਣ ਦਾ ਵੀ ਖ਼ਤਰਾ ਹੈ ਤੇ ਬਦਬੂੂ ਫ਼ੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕਈ ਵਾਰ ਇਹ ਮਾਮਲਾ ਧਿਆਨ ’ਚ ਲਿਆ ਚੁੱਕੇ ਹਨ ਪਰ ਅੱਗੋਂ ਇਹੀ ਜੁਆਬ ਮਿਲਦਾ ਹੈ ਗੱਡੀਆਂ ਦੇ ਟਾਇਰ ਖਰਾਬ ਹਨ ਜਿਸ ਕਾਰਨ ਕੂੜਾ ਨਹੀਂ ਚੁੱਕ ਹੋ ਰਿਹਾ। ਆਲੇ-ਦੁਆਲੇ ਦੇ ਦੁਕਾਨਦਾਰਾ ਨੇ ਕਿਹਾ ਕਿ ਕੂੜੇ ਕਾਰਨ ਉਨ੍ਹਾਂ ਦੇ ਕੰਮਕਾਰ ਵੀ ਕਾਫ਼ੀ ਪ੍ਰਭਾਵਿਤ ਹੋਏ ਪਏ ਹਨ ਕਿਉਂਕਿ ਗਾਹਕ ਵੀ ਕੂੜਾ ਦੇਖ ਕੇ ਪਹਿਲਾ ਵੀ ਵਾਪਸ ਮੁੜ ਜਾਂਦੇ ਹਨ। ਉਨ੍ਹਾਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਕੂੜੇ ਨੂੰ ਪਹਿਲ ਦੇ ਆਧਾਰ ’ਤੇ ਚੁਕਵਾਇਆ ਜਾਵੇ।