ਜੇ.ਬੀ. ਸੇਖੋਂ
ਗੜ੍ਹਸ਼ੰਕਰ, 9 ਸਤੰਬਰ
ਇੱਥੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਸੜਕ ’ਤੇ ਪਿੰਡ ਪਦਰਾਣਾ ਕੋਲ ਆਬਕਾਰੀ ਅਤੇ ਕਰ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਚੱਲ ਰਹੇ ਸ਼ਰਾਬ ਦੇ ਠੇਕੇ ਕਾਰਨ ਇੱਥੋਂ ਲੰਘਦੇ ਰਾਹਗੀਰ ਬੇਹੱਦ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਇਹ ਠੇਕਾ ਨਾਜਾਇਜ਼ ਤੌਰ ’ਤੇ ਕਈ ਮਹੀਨਿਆਂ ਤੋਂ ਇੱਥੇ ਚੱਲ ਰਿਹਾ ਹੈ ਜਿਸ ਨਾਲ ਠੇਕੇਦਾਰ ਵੱਲੋਂ ਖੁੱਲ੍ਹਾ ਅਹਾਤਾ ਵੀ ਚਲਾਇਆ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਆਬਕਾਰੀ ਵਿਭਾਗ ਦੀਆਂ ਨੀਤੀਆਂ ਅਨੁਸਾਰ ਨਗਰ ਕੌਂਸਲ ਦੀ ਹੱਦ ਅੰਦਰ ਕੋਈ ਵੀ ਸ਼ਰਾਬ ਦਾ ਠੇਕਾ ਮੁੱਖ ਹਾਈਵੇਅ ਨੇੜੇ ਖੋਲ੍ਹਿਆ ਜਾ ਸਕਦਾ ਹੈ ਪਰ ਕੌਂਸਲ ਦੀ ਹੱਦ ਤੋਂ ਬਾਹਰ ਠੇਕੇ ਦੀ ਮਨਜ਼ੂਰਸ਼ੁਦਾ ਬ੍ਰਾਂਚ ਹਾਈਵੇਅ ਤੋਂ 200 ਮੀਟਰ ਦੂਰ ਹੀ ਖੋਲ੍ਹੀ ਜਾ ਸਕਦੀ ਹੈ। ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਪਿੰਡ ਪਦਰਾਣਾ ਕੋਲ ਠੇਕੇਦਾਰ ਵੱਲੋਂ ਉਕਤ ਠੇਕਾ ਮੁੱਖ ਸੜਕ ਤੋਂ ਕਰੀਬ 50 ਮੀਟਰ ਦੂਰ ਖੋਲ੍ਹ ਕੇ ਆਬਕਾਰੀ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਠੇਕੇ ਨਾਲ ਇਕ ਖੁੱਲ੍ਹਾ ਅਹਾਤਾ ਵੀ ਲਗਾਇਆ ਗਿਆ ਹੈ ਜਿਸ ਦੇ ਸੜਕ ਵਾਲੇ ਪਾਸੇ ਵੱਡੇ-ਵੱਡੇ ਪਰਦੇ ਕਰਕੇ ਇਸ ਬ੍ਰਾਂਚ ਨੂੰ ਚੁੱਪ ਚੁਪੀਤੇ ਚਲਾਇਆ ਜਾ ਰਿਹਾ ਹੈ।
ਪਿੰਡ ਪਦਰਾਣਾ ਦੇ ਵਸਨੀਕਾਂ ਅਨੁਸਾਰ ਪਿੰਡ ਦੀਆਂ ਔਰਤਾਂ ਖੇਤਾਂ ਵਿੱਚ ਕੰਮ ਕਰਨ ਲਈ ਇਸ ਠੇਕੇ ਦੇ ਨੇੜਿਉਂ ਲੰਘਦੀਆਂ ਹਨ ਪਰ ਸ਼ਾਮ ਵੇਲੇ ਸ਼ਰਾਬ ਪੀਣ ਵਾਲੇ ਲੋਕਾਂ ਦੀ ਬਹੁਤਾਤ ਕਾਰਨ ਉਨ੍ਹਾਂ ਦਾ ਇੱਥੋਂ ਲੰਘਾ ਔਖਾ ਹੋ ਜਾਂਦਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਠੇਕੇ ਨੂੰ ਤੁਰੰਤ ਇਸ ਥਾਂ ਤੋਂ ਹਟਾਇਆ ਜਾਵੇ। ਇਸ ਬਾਰੇ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰ ਗੋਪਾਲ ਕੁਮਾਰ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਤੋਂ ਅਣਜਾਣ ਹਨ ਅਤੇ ਇਸ ਥਾਂ ਦਾ ਦੌਰਾ ਕਰਨ ਮਗਰੋਂ ਕਾਰਵਾਈ ਕਰਨਗੇ। ਵਿਭਾਗ ਦੇ ਈਟੀਓ ਬ੍ਰਿਜ ਠਾਕੁਰ ਨੇ ਕਿਹਾ ਕਿ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਸਬੰਧਤ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ।