ਜੇ.ਬੀ.ਸੇਖੋਂ
ਗੜ੍ਹਸ਼ੰਕਰ, 22 ਜੂਨ
ਤਹਿਸੀਲ ਦੇ ਕਸਬਾ ਸੈਲਾ ਖੁਰਦ ਵਿੱਚ ਸਥਿਤ ਕੁਆਂਟਮ ਪੇਪਰ ਮਿੱਲ ਦੀਆਂ ਚਿਮਨੀਆਂ ਵਿੱਚੋਂ ਅੱਜ ਕੱਲ੍ਹ ਡਿਗ ਰਹੇ ਕੈਮੀਕਲ ਕਾਰਨ ਨੇੜੇ ਦੇ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ। ਇਹ ਕੈਮੀਕਲ ਘਰਾਂ ਦੀਆਂ ਛੱਤਾਂ, ਪਸ਼ੂਆਂ ਦੇ ਚਾਰੇ ਅਤੇ ਖਾਣ ਪੀਣ ਦੀਆਂ ਵਸਤਾਂ ’ਤੇ ਲਗਾਤਾਰ ਡਿਗ ਰਿਹਾ ਹੈ।ਇਸ ਬਾਰੇ ਗੱਲ ਕਰਦਿਆਂ ਮਿੱਲ ਨੇੜਲੇ ਪਿੰਡ ਭਾਰਤਪੁਰ ਜੱਟਾਂ ਦੇ ਲਿਆਕਤ ਅਲੀ ਨੇ ਦੱਸਿਆ ਕਿ ਮਿੱਲ ਦੀਆਂ ਚਿਮਨੀਆਂ ਵਿੱਚੋਂ ਪਹਿਲਾਂ ਸੁਆਹ ਡਿਗਦੀ ਰਹਿੰਦੀ ਸੀ ਪਰ ਹੁਣ ਮਿੱਲ ਅੰਦਰ ਨਵਾਂ ਪਲਾਟ ਲੱਗਣ ਨਾਲ ਝੱਗ ਨੁਮਾ ਕੈਮੀਕਲ ਲਗਾਤਾਰ ਡਿਗ ਰਿਹਾ ਹੈ ਜਿਸ ਨਾਲ ਨੇੜਲੇ ਪਿੰਡਾਂ ਜੱਸੋਵਾਲ, ਨਰਿਆਲਾ, ਭਾਰਤਪੁਰ ਆਦਿ ਜ਼ਿਆਦਾ ਪ੍ਰਭਾਵਿਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਕੈਮੀਕਲ ਤੋਂ ਪ੍ਰਭਾਵਿਤ ਹਰਾ ਚਾਰਾ ਖਾਣ ਉਨ੍ਹਾਂ ਦੀਆਂ ਕਈ ਮੱਝਾਂ ਦੀ ਮੌਤ ਹੋ ਗਈ ਹੈ ਅਤੇ ਪਿੰਡ ਵਿੱਚ ਵੀ ਹੋਰ ਲੋਕਾਂ ਦੇ ਪਸ਼ੂ ਬਿਮਾਰ ਹਨ।
ਉਨ੍ਹਾਂ ਕਿਹਾ ਕਿ ਮਿੱਲ ਦੇ ਪ੍ਰਦੂਸ਼ਣ ਕਾਰਨ ਇਨ੍ਹਾਂ ਪਿੰਡਾਂ ਦਾ ਪਾਣੀ ਵੀ ਖਰਾਬ ਹੋ ਗਿਆ ਹੈ ਉਨ੍ਹਾਂ ਨੇ ਇਸ ਸਬੰਧੀ ਸਥਾਨਕ ਪ੍ਰਸ਼ਾਸਨ ਸਮੇਤ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਸ਼ਿਕਾਇਤ ਭੇਜੀ ਹੋਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਬਾਰੇ ਐੱਸਡੀਐੱਮ ਗੜ੍ਹਸ਼ੰਕਰ ਹਰਬੰਸ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਭਾਰਤਪੁਰ ਦੇ ਲੋਕਾਂ ਵੱਲੋਂ ਕੈਮੀਕਲ ਡਿਗਣ ਸਬੰਧੀ ਸ਼ਿਕਾਇਤ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ ਅਤੇ ਉਨ੍ਹਾਂ ਨੇ ਇਹ ਸ਼ਿਕਾਇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਹੈ।