ਪਾਲ ਸਿੰਘ ਨੌਲੀ
ਜਲੰਧਰ, 10 ਜੂਨ
ਇਥੇ ਭਗਤ ਕਬੀਰ ਜੀ ਦਾ ਹੋਰਡਿੰਗ ਉਤਾਰ ਕੇ ਉਨ੍ਹਾਂ ਦੀ ਥਾਂ ਅਕਾਲੀ ਆਗੂ ਕਮਲਜੀਤ ਸਿੰਘ ਭਾਟੀਆ ਤੇ ਐੱਚਐੱਸ ਵਾਲੀਆ ਦੇ ਹੋਰਡਿੰਗ ਲਗਾਉਣ ’ਤੇ ਲੋਕ ਭੜਕ ਉੱਠੇ। ਉਨ੍ਹਾਂ ਵੱਲੋਂ ਕੀਤੇ ਗਏ ਵਿਰੋਧ ਕਰਕੇ ਅਕਾਲੀ ਆਗੂਆਂ ਨੂੰ ਜਿਥੇ ਆਪਣੇ ਬੋਰਡ ਉਤਾਰਨੇ ਪਏ, ਉਥੇ ਭਗਤ ਭਾਈਚਾਰੇ ਕੋਲੋਂ ਮੁਆਫੀ ਵੀ ਮੰਗਣੀ ਪਈ। ਅਕਾਲੀਆਂ ਵੱਲੋਂ ਲਾਏ ਗਏ ਬੋਰਡ ਉੱਪਰ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਤੇ ਐੱਚਐੱਸ ਵਾਲੀਆ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਸਨ।
ਭਗਤ ਭਾਈਚਾਰੇ ਦੇ ਲੋਕਾਂ ਨੇ ਉਦੋਂ ਇਤਰਾਜ਼ ਪ੍ਰਗਟਾਇਆ ਜਦੋਂ ਸਤਿਗੁਰੂ ਕਬੀਰ ਜੀ ਦਾ ਲੱਗਾ ਬੋਰਡ ਉਤਾਰ ਕੇ ਜ਼ਮੀਨ ’ਤੇ ਸੁੱਟ ਦਿੱਤਾ ਗਿਆ। ਇਸ ਨੂੰ ਲੈ ਕੇ ਭਗਤ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਆਗੂਆਂ ਨੇ ਜਨਤਕ ਤੌਰ ’ਤੇ ਮੁਆਫੀ ਨਾ ਮੰਗੀ ਤਾਂ ਉਹ ਸ਼ਹਿਰ ਵਿਚ ਆਵਾਜਾਈ ਠੱਪ ਕਰ ਦੇਣਗੇ ਤੇ ਰੋਸ ਧਰਨੇ ’ਤੇ ਬੈਠ ਜਾਣਗੇ। ਇਹ ਚਿਤਾਵਨੀ ਸੁਣਦਿਆਂ ਸਾਰ ਹੀ ਜਿਥੇ ਅਕਾਲੀ ਆਗੂ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਮੁਆਫੀ ਵੀ ਮੰਗੀ ਤੇ ਆਪਣਾ ਬੋਰਡ ਲਾਹ ਕੇ ਮੁੜ ਸਤਿਗੁਰੂ ਕਬੀਰ ਜੀ ਦਾ ਬੋਰਡ ਉਥੇ ਲਗਾ ਦਿੱਤਾ।
ਅਕਾਲੀ ਆਗੂਆਂ ਨੇ ਮੁਆਫੀ ਮੰਗ ਕੇ ਜਾਨ ਛੁਡਾਈ
ਅਕਾਲੀ ਆਗੂ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਇਹ ਬੋਰਡ ਉਨ੍ਹਾਂ ਨੇ ਨਹੀਂ ਉਤਾਰਿਆ ਸੀ ਪਰ ਜੇਕਰ ਅਜਿਹੀ ਗਲਤੀ ਹੋਈ ਹੈ ਤਾਂ ਉਹ ਇਸ ਦੀ ਸਬੰਧਤ ਭਾਈਚਾਰੇ ਕੋਲੋਂ ਮੁਆਫੀ ਮੰਗਦੇ ਹਨ।