ਪੱਤਰ ਪ੍ਰੇਰਕ
ਮੁਕੇਰੀਆਂ, 5 ਜੁਲਾਈ
ਰੁਕੀਆਂ ਹੋਈਆਂ ਪੈਨਸ਼ਨਾਂ ਜਾਰੀ ਕਰਨ ਦੀ ਮੰਗ ਲਈ ਪੰਚਾਇਤੀ ਰਾਜ ਪੈਨਸ਼ਨਰਾਂ ਵਲੋਂ ਪੰਚਾਇਤੀ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਤਹਿਸੀਲ ਪ੍ਰਧਾਨ ਸੁਰਿੰਦਰ ਕੁਮਾਰ ਹਾਟਾ ਦੀ ਅਗਵਾਈ ‘ਚ ਬੀਡੀਪੀਓ ਦਫ਼ਤਰ ਮੁਕੇਰੀਆਂ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨਕਾਰੀਆਂ ਵੱਲੋਂ ਡਾਇਰੈਕਟਰ ਪੰਚਾਇਤੀ ਰਾਜ, ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਸਥਾਨਕ ਮਾਤਾ ਰਾਣੀ ਚੌਕ ਤੱਕ ਰੋਸ ਮਾਰਚ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪੰਚਾਇਤੀ ਰਾਜ ਪੈਨਸ਼ਨਰ ਤੇਜ਼ ਮਹਿੰਗਾਈ ਦੇ ਦੌਰ ’ਚ ਪਿਛਲੇ ਦੋ ਮਹੀਨੇ ਤੋਂ ਪੈਨਸ਼ਨ ਨਾ ਮਿਲਣ ਕਾਰਨ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਵਿੱਤੀ ਤੰਗੀ ਕਾਰਨ ਉਹ ਆਪਣੀਆਂ ਨਿੱਤ ਦੀ ਲੋੜਾਂ ਲਈ ਕਰਜਈ ਹੁੰਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤੀ ਰਾਜ ਵਿਭਾਗ ਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿਛਲੇ ਦੋ ਮਹੀਨੇ ਤੋਂ ਕਰੀਬ 25 ਸੌ ਪੈਨਸ਼ਨਰਾਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਉਨ੍ਹਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਢਾਪੇ ਵਿੱਚ ਦਵਾਈਆਂ ਤੇ ਘਰੇਲੂ ਲੋੜਾਂ ਪੂਰੀਆਂ ਕਰਨ ਤੋਂ ਔਖੇ ਹੋ ਚੁੱਕੇ ਹਨ। ਉਨ੍ਹਾਂ ਨੇ ਪੈਨਸ਼ਨ ਵਿੰਗ ਪੰਚਾਇਤ ਵਿਭਾਗ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਵਿਭਾਗ ਹਰ ਵਾਰ ਸਮੇਂ ਸਿਰ ਪੈਨਸ਼ਨ ਜਾਰੀ ਨਹੀਂ ਕਰਦਾ ਤੇ ਪੈਨਸ਼ਨਰਾਂ ਦੀਆਂ ਹੋਰ ਹੱਕੀ ਮੰਗਾਂ ਵੀ ਅਧੂਰੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦੀ ਹੀ ਪੰਚਾਇਤ ਵਿਭਾਗ ਵੱਲੋਂ ਪੈਨਸ਼ਨਾਂ ਜਾਰੀ ਕਰਨ ਤੇ ਹੋਰ ਮੰਗਾਂ ਨਾ ਮੰਨੀਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।