ਬਲਵਿੰਦਰ ਸਿੰਘ ਭੰਗੂ
ਭੋਗਪੁਰ, 13 ਮਾਰਚ
ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੀਨੀਅਰ ਕਿਸਾਨ ਆਗੂਆਂ ਹਰਸੁਲਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਅਟਵਾਲ, ਮੁਕੇਸ਼ ਚੰਦਰ, ਬਲਵਿੰਦਰ ਸਿੰਘ ਅਤੇ ਮੱਖਣ ਸਿੰਘ ਦੀ ਅਗਵਾਈ ਹੇਠ ਇਲਾਕੇ ਵਿੱਚ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਿੰਡਾਂ ਵਿੱਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਕਿਸਾਨ ਆਗੂਆਂ ਨੇ ਪਿੰਡ ਕਿਸ਼ਨਗੜ੍ਹ, ਲਾਹਦੜਾ ਅਤੇ ਸਨੌਰਾ ਵਿੱਚ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਵਿਰੁੱਧ 15 ਮਾਰਚ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। 19 ਮਾਰਚ ਨੂੰ ਮੰਡੀ ਬਚਾਓ-ਖੇਤੀ ਬਚਾਓ ਅਤੇ ਐੱਫਸੀਆਈ ਨੂੰ ਖਤਮ ਕਰਨ ਤੋਂ ਰੋਕਣ ਲਈ ਪ੍ਰਦਰਸ਼ਨ ਕੀਤਾ ਜਾਵੇਗਾ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਰੈਲੀ ਪਿੰਡ ਖਟਕੜ ਕਲਾਂ ਵਿੱਚ ਕਰਨ ਅਤੇ 26 ਮਾਰਚ ਨੂੰ ਦੇਸ਼ ਪੱਧਰੀ ਹੜਤਾਲ ਨੂੰ ਸਫ਼ਲ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ। ਕਿਸਾਨੀ ਮੀਟਿੰਗਾਂ ਵਿੱਚ ਇਲਾਕੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਇਕੱਠੇ ਬੈਠ ਕੇ ਕਿਸਾਨ ਆਗੂਆਂ ਦੇ ਵਿਚਾਰ ਸੁਣਦੇ ਦੇਖੇ ਗਏ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕੀਤੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਕਾਰਪੋਰੇਟ ਤੇ ਸਰਕਾਰ ਵਿਰੋਧੀ ਦਿਵਸ ਮਨਾਉਂਦਿਆਂ 15 ਮਾਰਚ ਨੂੰ ਰੇਲਵੇ ਸਟੇਸ਼ਨਾਂ ਉੱਤੇ ਮੁਲਾਜ਼ਮਾਂ ਨਾਲ ਮਿਲ ਕੇ ਨਿੱਜੀਕਰਨ ਖ਼ਿਲਾਫ਼ ਜਲੰਧਰ ਸ਼ਹਿਰੀ, ਜਲੰਧਰ ਛਾਉਣੀ ਅਤੇ ਫਿਲੌਰ ਸਟੇਸ਼ਨਾਂ ਉੱਤੇ ਧਰਨੇ ਲਾਉਣ ਦਾ ਫ਼ੈਸਲਾ ਲਿਆ ਗਿਆ। ਇਸੇ ਦੌਰਾਨ 17 ਮਾਰਚ ਨੂੰ ਟਰਾਂਸਪੋਰਟਰ ਅਤੇ ਵਪਾਰਕ ਜਥੇਬੰਦੀਆਂ ਨਾਲ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਪਾਸੇ ਕਿਸਾਨਾਂ-ਮਜ਼ਦੂਰਾਂ ਦਾ ਉਜਾੜਾ ਕਰ ਰਹੀ ਹੈ ਤੇ ਦੂਜੇ ਪਾਸੇ ਤੇਲ ਕੀਮਤਾਂ ’ਚ ਵਾਧਾ ਕਰ ਕੇ ਆਮ ਲੋਕਾਂ ਦਾ ਮਹਿੰਗਾਈ ਨਾਲ ਕਚੂੰਮਰ ਕੱਢ ਰਹੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ, ਹਰਦੀਪ ਸਿੰਘ, ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਕਸ਼ਮੀਰ ਜੰਡਿਆਲਾ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਪੱਲਣ, ਬਲਦੇਵ ਨੂਰਪੁਰੀ, ਬੀਕੇਯੂ (ਕਾਦੀਆਂ) ਦੇ ਆਗੂ ਤੀਰਥ ਸਿੰਘ, ਬੀਕੇਯੂ (ਲੱਖੋਵਾਲ) ਦੇ ਆਗੂ ਮੇਜਰ ਸਿੰਘ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਆਦਿ ਹਾਜ਼ਰ ਸਨ।
ਪੱਟੀ (ਬੇਅੰਤ ਸਿੰਘ ਸੰਧੂ): ਜਨਵਾਦੀ ਇਸਤਰੀ ਸਭਾ ਵੱਲੋਂ ਪਿੰਡ ਰਾਮੂਵਾਲ ਵਿੱਚ ਔਰਤਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਜਨਵਾਦੀ ਸਭਾ ਦੀ ਆਗੂ ਨਰਿੰਦਰ ਕੌਰ ਨੇ ਕਿਹਾ ਕਿ ਦੇਸ਼ ਅੰਦਰ ਮੋਦੀ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਰਤੀ ਲੋਕਾਂ ਨਾਲ ਔਰਤਾਂ ਵੀ ਆਰ-ਪਾਰ ਦਾ ਸੰਘਰਸ਼ ਲੜ ਕੇ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਨੂੰ ਵੀ ਸਰਕਾਰ ਤੇ ਸਮਾਜ ਕੋਲੋਂ ਬਰਾਬਰ ਹੱਕ ਪ੍ਰਾਪਤ ਕਰਨ ਲਈ ਇੱਕ ਮੰਚ ’ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਨੇ ਔਰਤਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਹੋਣ ਦਾ ਹੋਕਾ ਦਿੰਦਿਆਂ ਲੜਕੀਆਂ ਦੀ ਉਚੇਰੀ ਸਿੱਖਿਆ ’ਤੇ ਜ਼ੋਰ ਦਿੱਤਾ। ਬੀਬੀ ਨਰਿੰਦਰ ਕੌਰ ਨੇ ਕਿਹਾ ਕਿ ਹੁਣ ਜਦੋਂ ਕਣਕ ਦੀ ਵਾਢੀ ਦਾ ਸੀਜ਼ਨ ਆ ਰਿਹਾ ਹੈ ਤਾਂ ਘਰੇਲੂ ਔਰਤਾਂ ਸੰਯੁਕਤ ਮੋਰਚੇ ਦੇ ਸੰਘਰਸ਼ ’ਚ ਭਾਗ ਲੈਣ ਲਈ ਦਿੱਲੀ ਵੱਲ ਕੂਚ ਕਰਨਗੀਆਂ। ਇਸ ਮੌਕੇ ਜਤਿੰਦਰ ਕੌਰ, ਰੁਪਿੰਦਰ ਕੌਰ, ਮਨਜਿੰਦਰ ਕੌਰ, ਨਿੰਦਰ ਕੌਰ, ਚਰਨਜੀਤ ਕੌਰ, ਸ਼ਾਂਤੀ ਤੇ ਗਿਆਨ ਕੌਰ ਹਾਜ਼ਰ ਸਨ।
ਨਿੱਜੀਕਰਨ ਵਿਰੁੱਧ ਐਕਸ਼ਨ ਨੂੰ ਸਫ਼ਲ ਬਣਾਉਣ ਦਾ ਫ਼ੈਸਲਾ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਟਰੇਡ ਯੂਨੀਅਨ ਦੇ ਸੱਦੇ ’ਤੇ ਸਮੂਹ ਕਿਸਾਨ ਜਥੇਬੰਦੀਆਂ ਨੇ 15 ਮਾਰਚ ਨੂੰ ਨਿੱਜੀਕਰਨ ਵਿਰੁੱਧ ਕੀਤੇ ਜਾ ਰਹੇ ਐਕਸ਼ਨ ਵਿੱਚ ਸ਼ਾਮਲ ਹੋ ਕੇ ਇਸ ਨੂੰ ਸਫ਼ਲ ਬਣਾਉਣ ਦਾ ਫ਼ੈਸਲਾ ਲਿਆ ਹੈ। ਇਹ ਪ੍ਰਗਟਾਵਾ ਕਿਸਾਨ ਆਗੂ ਗੁਰਮੇਸ਼ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਬਲਰਾਜ ਸਿੰਘ ਬੈਂਸ, ਗੁਰਬਖਸ਼ ਸਿੰਘ, ਗੰਗਾ ਪ੍ਰਸਾਦ ਆਦਿ ਨੇ ਮਿਨੀ ਸਕੱਤਰੇਤ ਨੇੜੇ ਕਾਰਪੋਰੇਟ ਘਰਾਣਿਆਂ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਦੌਰਾਨ ਕੀਤਾ। ਇੱਥੇ ਪਿਛਲੇ 122 ਦਿਨਾਂ ਤੋਂ ਕਿਸਾਨ ਜਥਬੰਦੀਆਂ ਦਾ ਧਰਨਾ ਜਾਰੀ ਹੈ।