ਪਾਲ ਸਿੰਘ ਨੌਲੀ
ਜਲੰਧਰ, 13 ਮਾਰਚ
ਇੱਥੋਂ ਦੇ ਇੱਕ ਨਿੱਜੀ ਹਸਪਤਾਲ ’ਚ ਮਰੀਜ਼ ਦੀ ਮੌਤ ਹੋਣ ’ਤੇ ਪੀੜਤ ਪਰਿਵਾਰ ਨੇ ਹੰਗਾਮਾ ਕੀਤਾ ਤੇ ਹਸਪਤਾਲ ਦੀ ਭੰਨ-ਤੋੜ ਕੀਤੀ। ਬਸਤੀ ਬਾਵਾ ਖੇਲ ਇਲਾਕੇ ਵਿੱਚ ਪੈਂਦੀ ਮੰਗੂ ਬਸਤੀ ਦੇ ਵਸਨੀਕ ਗਗਨ ਕੁਮਾਰ ਨੂੰ ਪਰਿਵਾਰ ਨੇ 11 ਮਾਰਚ ਨੂੰ ਲਿੰਕ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਮ੍ਰਿਤਕ ਗਗਨ ਕੁਮਾਰ ਦੀ ਪਤਨੀ ਨੇ ਦੱਸਿਆ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਉਸ ਦੇ ਪਤੀ ਦੀ ਜਾਨ ਗਈ ਹੈ। ਹਸਪਤਾਲ ਵੱਲੋਂ ਪਹਿਲਾਂ ਕਰੋਨਾ ਦੀ ਰਿਪੋਰਟ ਨੈਗੇਟਿਵ ਕਹੀ ਜਾ ਰਹੀ ਸੀ ਪਰ ਮਗਰੋਂ ਉਸ ਦਾ ਇਲਾਜ ਕਰੋਨਾ ਦਾ ਹੀ ਕੀਤਾ ਗਿਆ।
ਗਗਨ ਕੁਮਾਰ ਦੀ ਅੱਜ ਸਵੇਰੇ ਮੌਤ ਹੋਣ ਨਾਲ ਪਰਿਵਾਰ ਦੇ ਮੈਂਬਰ ਭੜਕ ਗਏ ਤੇ ਉਨ੍ਹਾਂ ਨੇ ਹਸਪਤਾਲ ਦੀ ਰਿਸੈਪਸ਼ਨ ’ਤੇ ਬੈਠੇ ਸਟਾਫ ਨਾਲ ਬਹਿਸ ਕੀਤੀ ਤੇ ਬਾਅਦ ਵਿੱਚ ਭੰਨ-ਤੋੜ ਕੀਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਉਧਰ, ਡਾਕਟਰਾਂ ਦਾ ਕਹਿਣਾ ਸੀ ਕਿ ਜਦੋਂ ਮਰੀਜ਼ ਉਨ੍ਹਾਂ ਕੋਲ ਆਇਆ ਸੀ ਤਾਂ ਉਸ ਵੇਲੇ ਉਸ ਦੀ ਹਾਲਤ ਗੰਭੀਰ ਸੀ। ਨਿਮੋਨੀਆ ਦੀ ਸ਼ਿਕਾਇਤ ਜ਼ਿਆਦਾ ਸੀ। ਉਸ ਨੂੰ ਕਰੋਨਾ ਦੇ ਸ਼ੱਕੀ ਮਰੀਜ਼ਾਂ ’ਚ ਰੱਖਿਆ ਗਿਆ ਸੀ, ਭਾਵੇਂ ਕਿ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ। ਅੱਜ ਸਵੇਰੇ ਮਰੀਜ਼ ਨੂੰ ਸਾਹ ਲੈਣ ਵਿੱਚ ਜਦੋਂ ਸਮੱਸਿਆ ਆਈ ਤਾਂ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਪਰ ਬਾਅਦ ਵਿੱਚ ਉਸ ਦਾ ਦਿਲ ਕੰਮ ਕਰਨੋਂ ਹਟ ਗਿਆ। ਡਾਕਟਰ ਨੇ ਪੀੜਤ ਪਰਿਵਾਰ ਵੱਲੋਂ ਕੀਤੀ ਗਈ ਭੰਨ-ਤੋੜ ਦੀ ਨਿੰਦਾ ਕੀਤੀ ਤੇ ਕਿਹਾ ਕਿ ਪੁਲੀਸ ਨੂੰ ਇਸ ਬਾਰੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਹਸਪਤਾਲ ਦੇ ਸਟਾਫ਼ ਨੂੰ ਮਾਨਸਿਕ ਪੀੜਾ ਵਿੱਚੋਂ ਲੰਘਣਾ ਪਿਆ ਹੈ।
ਚੈਰੀਟੇਬਲ ਹਸਪਤਾਲ ’ਚ ਵੀ ਹੰਗਾਮਾ
ਗੜ੍ਹਾ ਵਿਚਲੇ ਇੱਕ ਚੈਰੀਟੇਬਲ ਹਸਪਤਾਲ ਵਿੱਚ ਵੀ ਅੱਜ ਹੰਗਾਮਾ ਹੋ ਗਿਆ। ਉੱਥੇ ਵੀ ਪੀੜਤ ਪਰਿਵਾਰ ਹਸਪਤਾਲ ’ਤੇ ਲਾਪ੍ਰਵਾਹੀ ਦਾ ਦੋਸ਼ ਲਾ ਰਿਹਾ ਸੀ। ਖ਼ਬਰ ਲਿਖੇ ਜਾਣ ਤਕ ਹਸਪਤਾਲ ’ਚ ਪੁਲੀਸ ਪਾਰਟੀ ਨੇ ਪਹੁੰਚ ਕੇ ਸਥਿਤੀ ਨੂੰ ਸੰਭਾਲ ਲਿਆ ਸੀ।