ਬਲਵਿੰਦਰ ਸਿੰਘ ਭੰਗੂ
ਭੋਗਪੁਰ, 30 ਅਪਰੈਲ
ਇਲਾਕੇ ਵਿੱਚ ਸ਼ਾਂਤੀ ਤੇ ਸਮਾਜ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਡੀਐੱਸਪੀ ਕੈਲਾਸ਼ ਚੰਦਰ ਦੀ ਅਗਵਾਈ ’ਚ ਸ਼ਹਿਰ ਵਿੱਚ ਕੌਮੀ ਮਾਰਗ, ਰੇਲਵੇ ਰੋਡ, ਆਦਮਪੁਰ ਨੂੰ ਜਾਂਦੀ ਸੜਕ ਅਤੇ ਮਿੱਲ ਨੂੰ ਜਾਂਦੀ ਸੜਕ ’ਤੇ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਐੱਸਐੱਚਓ ਥਾਣਾ ਭੋਗਪੁਰ ਇੰਸਪੈਕਟਰ ਕੁਲਵੰਤ ਸਿੰਘ, ਐੱਸਐੱਚਓ ਆਦਮਪੁਰ ਇੰਸਪੈਕਟਰ ਬਲਵਿੰਦਰ ਸਿੰਘ, ਐੱਸਐੱਚਓ ਪਤਾਰਾ ਇੰਸਪੈਕਟਰ ਅਰਸ਼ਦੀਪ ਕੌਰ ਅਤੇ ਤਿੰਨ ਪੁਲੀਸ ਚੌਕੀਆਂ ਦੇ ਇੰਚਾਰਜਾਂ ਨਾਲ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮਾਂ ਨੇ ਮਾਰਚ ਵਿੱਚ ਹਿੱਸਾ ਲਿਆ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਪੰਜਾਬ ਪੁਲੀਸ ਵੱਲੋਂ ਡੀਐੱਸਪੀ ਆਦਮਪੁਰ ਕੈਲਾਸ਼ ਚੰਦਰ ਤੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਆਦਮਪੁਰ ਵਿਚ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫਲੈਗ ਮਾਰਚ ਆਦਮਪੁਰ ਥਾਣੇ ਤੋਂ ਸ਼ੁਰੂ ਹੋ ਕੇ ਮੇਨ ਰੋਡ, ਬੱਸ ਸਟੈਂਡ, ਚੌਕ ਘੰਟਾ ਘਰ, ਖੁਰਦਪੁਰ ਨਹਿਰ ਦੇ ਪੁਲ, ਐਮਈਐਸ ਰੋਡ, ਜਵਾਹਰ ਨਗਰ, ਰੇਲਵੇ ਰੋਡ ਅਤੇ ਮੇਨ ਬਾਜ਼ਾਰ ਆਦਮਪੁਰ ਤੋਂ ਹੁੰਦਾ ਹੋਇਆ ਥਾਣਾ ਆਦਮਪੁਰ ਵਿੱਚ ਸਮਾਪਤ ਹੋਇਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਪੁਲੀਸ ਨੇ ਡੀਐੱਸਪੀ ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਦੀ ਅਗਵਾਈ ਵਿਚ ਕਸਬੇ ਵਿਚ ਫਲੈਗ ਮਾਰਚ ਕਰ ਕੇ ਲੋਕਾਂ ਨੂੰ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪਟਿਆਲਾ ਵਿਚ ਵਾਪਰੀਆਂ ਫ਼ਿਰਕੂ ਘਟਨਾਵਾਂ ਕਾਰਨ ਦੋ ਫ਼ਿਰਕਿਆਂ ਦਰਮਿਆਨ ਤਣਾਅ ਵਧ ਗਿਆ ਸੀ। ਡੀਐੱਸਪੀ ਨੇ ਕਿਹਾ ਕਿ ਇਲਾਕੇ ਵਿਚ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਐੱਸਐੱਚਓ ਸ਼ਾਹਕੋਟ ਹਰਦੀਪ ਸਿੰਘ ਮਾਨ ਨੇ ਕਿਹਾ ਕਿ ਇਲਾਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲੀਸ ਚੌਕਸ ਹੈ। ਲੋਕਾਂ ਨੂੰ ਭੈਅ ਮੁਕਤ ਕਰਨ ਦੇ ਮੰਤਵ ਨਾਲ ਇਹ ਫਲੈਗ ਥਾਣੇ ਤੋਂ ਸ਼ੁਰੂ ਹੋ ਕੇ ਸ਼ਾਹਕੋਟ ਮੇਨ ਬਾਜ਼ਾਰ, ਮੁਹੱਲਾ ਬਾਗਵਾਲਾ, ਦਸਹਿਰਾ ਗਰਾਂਊਡ, ਗਾਂਧੀ ਚੌਕ, ਮਲਸੀਆਂ ਰੋਡ ਅਤੇ ਬੱਸ ਅੱਡੇ ਤੋਂ ਹੁੰਦਾ ਹੋਇਆ ਥਾਣੇ ਅੱਗੇ ਆ ਕੇ ਸਮਾਪਤ ਹੋਇਆ।
ਫਗਵਾੜਾ (ਜਸਬੀਰ ਸਿੰਘ ਚਾਨਾ): ਪਟਿਆਲਾ ’ਚ ਵਾਪਰੀ ਘਟਨਾ ਦੇ ਮਾਮਲੇ ਨੂੰ ਲੈ ਕੇ ਫਗਵਾੜਾ ਪ੍ਰਸਾਸ਼ਨ ਨੇ ਵੀ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇੱਥੇ ਨਗਰ ਨਿਗਮ ਹਾਲ ਵਿੱਚ ਐਸਡੀਐਮ ਕੁਲਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ’ਚ ਐਸ.ਪੀ. ਹਰਿੰਦਰਪਾਲ ਸਿੰਘ ਪਰਮਾਰ, ਐਸ.ਐਚ.ਓ ਸਿਟੀ ਅਮਨਦੀਪ ਨਾਹਰ, ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ ਆਦਿ ਸ਼ਾਮਿਲ ਹੋਏ। ਇਸ ਮੌਕੇ ਕਈ ਮਾਮਲਿਆਂ ’ਤੇ ਚਰਚਾ ਹੋਈ।
ਜਲੰਧਰ (ਪਾਲ ਸਿੰਘ ਨੌਲੀ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਨੇ ਪਟਿਆਲਾ ਵਿਚ ਵਾਪਰੀਆਂ ਘਟਨਾਵਾਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਘਟਨਾਵਾਂ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਮੇਟੀ ਦੇ ਪ੍ਰਧਾਨ ਰਤਨ ਸਿੰਘ ਰੰਧਾਵਾ ਤੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਸ਼ਰਾਰਤੀ ਤੱਤਾਂ ਵੱਲੋਂ ਕੀਤੀ ਇਹ ਕਾਰਵਾਈ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਦਾ ਨਤੀਜਾ ਹੈ।
ਮੰਤਰੀ ਜਿੰਪਾ ਦੀ ਅਗਵਾਈ ਹੇਠ ਆਲ ਪਾਰਟੀ ਪੀਸ ਕਮੇਟੀ ਦੀ ਮੀਟਿੰਗ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪਟਿਆਲਾ ਵਿਚ ਵਾਪਰੀ ਘਟਨਾ ਸਬੰਧੀ ਸਥਾਨਕ ਮਿਨੀ ਸਕੱਤਰੇਤ ਵਿਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ ਹੇਠ ਆਲ ਪਾਰਟੀ ਪੀਸ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੋਂ ਇਲਾਵਾ ਵਿਧਾਇਕ ਡਾ. ਰਵਜੋਤ ਸ਼ਾਮਚੁਰਾਸੀ, ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਮੰਤਰੀ ਤੀਕਸ਼ਣ ਸੂਦ, ਵਧੀਕ ਡਿਪਟੀ ਕਮਿਸ਼ਨਰ ਸੰਦੀਪ ਸਿੰਘ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਬੀਤੇ ਦਿਨ ਪਟਿਆਲਾ ਵਿਚ ਹੋਈ ਘਟਨਾ ਮੰਦਭਾਗੀ ਸੀ, ਪਰ ਸਰਕਾਰ ਸੂਬੇ ਵਿਚ ਅਮਨ-ਸ਼ਾਂਤੀ ਤੇ ਭਾਈਚਾਰੇ ਦਾ ਮਾਹੌਲ ਬਣਾਏ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਪੁਲੀਸ ਨੂੰ ਸੋਸ਼ਲ ਮੀਡੀਆ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਹੁਸ਼ਿਆਰਪੁਰ ਦੇ ਸਾਰੇ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੂੰ ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਹਿੰਦੇ ਹੋਏ ਸੂਬੇ ਵਿਚ ਸਦਭਾਵਨਾ ਬਣਾਏ ਰੱਖਣ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਰਾਜਨੀਤਿਕ ਦਲਾਂ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਹਾਲ ਵਿਚ ਹੁਸ਼ਿਆਰਪੁਰ ਵਿਚ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਅਤੇ ਸੋਸ਼ਲ ਮੀਡੀਆਂ ’ਤੇ ਕੋਈ ਵੀ ਭੜਕਾਊ ਸੰਦੇਸ਼ ਨਾ ਪਾਉਣ ਦੀ ਅਪੀਲ ਕੀਤੀ।
ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਸੰਘਰਸ਼ ਦੀ ਚਿਤਾਵਨੀ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਪਟਿਆਲਾ ਵਿਚ ਸ਼ਿਵ ਸੈਨਾ ਦੇ ਕਾਰਕੁਨਾਂ ਵੱਲੋਂ ਕੀਤੀ ਹਿੰਸਕ ਕਾਰਵਾਈ ਦਾ ਵਿਰੋਧ ਕਰਦਿਆਂ ਇਸ ਖ਼ਿਲਾਫ਼ ਸਖ਼ਤ ਪ੍ਰਤੀਕਰਮ ਜਾਰੀ ਕੀਤਾ ਹੈ। ਜਥੇਬੰਦੀ ਦੇ ਮੁਖੀ ਅਮਰਬੀਰ ਸਿੰਘ ਢੋਟ ਨੇ ਪੰਜਾਬ ਦੇ ਲੋਕ ਅਜਿਹੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਮਜਬੂਰਨ ਫੈਡਰੇਸ਼ਨ ਮਹਿਤਾ ਨੂੰ ਸੜਕਾਂ ਤੇ ਉੱਤਰਨਾ ਪਵੇਗਾ।