ਹਰਪ੍ਰੀਤ ਕੌਰ
ਹੁਸ਼ਿਆਰਪੁਰ, 21 ਮਾਰਚ
ਸੀਮਾ ਸੁਰੱਖਿਆ ਬਲ ਖੜਕਾਂ ਕੈਂਪ ਵਿੱਚ ਬੈਚ ਨੰਬਰ 253 ਤੇ 254 ਦੀਆਂ 451 ਮਹਿਲਾ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਹੋਈ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਕੇਂਦਰ ਦੇ ਇੰਚਾਰਜ ਇੰਸਪੈਕਟਰ ਜਨਰਲ ਮਧੂ ਸੂਦਨ ਸ਼ਰਮਾ ਅਤੇ ਕਮਾਂਡੈਂਟ ਐੱਸਐੱਸ ਮੰਡ ਵੀ ਮੌਜੂਦ ਸਨ। ਮੁੱਖ ਮਹਿਮਾਨ ਨੇ ਪਰੇਡ ਦੀ ਸ਼ਲਾਘਾ ਕੀਤੀ ਅਤੇ ਪਾਸ ਆਊਟ ਹੋ ਕੇ ਜਾਣ ਵਾਲੀਆਂ ਲੜਕੀਆਂ ਨੂੰ ਮੁਬਾਰਕਵਾਦ ਦਿੱਤੀ। ਬੈਚ ਨੰਬਰ-253 ਵਿਚ ਮਾਧਵੀ ਕੁਮਾਰ ਅਤੇ ਬੈਚ ਨੰਬਰ-254 ਵਿਚ ਮੁਕਤਾ ਭੀਮਰਾਜ ਨੂੰ ਓਵਰਆਲ ਬੈਸਟ ਰੰਗਰੂਟ ਦਾ ਖਿਤਾਬ ਮਿਲਿਆ। ਇਸੇ ਤਰ੍ਹਾਂ ਸੁਸ਼ਮਿਤਾ ਚੌਧਰੀ ਅਤੇ ਨਰੀਨਾ ਹਜਾਰੀਕਾ ਆਪਣੇ-ਆਪਣੇ ਬੈਚ ਵਿਚ ਸ਼ੂਟਿੰਗ ਵਿਚ ਅੱਵਲ ਰਹੀਆਂ। ਦਾਰਜਲਿੰਗ ਦੀ ਸੁਸ਼ਮਿਤਾ ਮਲਿਕ ਜਿਸ ਨੇ ਬੈਸਟ ਇਨ ਡਰਿੱਲ ਦਾ ਸਨਮਾਨ ਹਾਸਲ ਕੀਤਾ, ਨੇ ਅੱਜ ਦੀ ਪਰੇਡ ਦੀ ਅਗਵਾਈ ਕੀਤੀ। ਪਰੇਡ ਤੋਂ ਬਾਅਦ ਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।