ਧਿਆਨ ਸਿੰਘ ਭਗਤ
ਕਪੂਰਥਲਾ, 8 ਫਰਵਰੀ
ਕਪੂਰਥਲਾ ਕਾਲਾ ਸੰਘਿਆਂ ਫਾਟਕ ਇੰਟਰਲਾਕ ਟਾਈਲ ਲਗਾਉਣ ਕਾਰਨ ਅੱਜ ਪੂਰਾ ਦਿਨ ਬੰਦ ਰਿਹਾ। ਜਿਸ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ ਰਹੇ। ਫਾਟਕ ਦੇ ਦੋਵਾਂ ’ਚੋਂ ਕਿਸੇ ਪਾਸੇ ਵੀ ਫਾਟਕ ਬੰਦ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਗਈ। ਜਿਸ ਕਾਰਨ ਸਮੁੱਚੀ ਟਰੈਫ਼ਿਕ ਫਾਟਕ ’ਤੇ ਪੁੱਜ ਕੇ ਵਾਪਸ ਮੁੜਦੀ ਰਹੀ।
ਇਸ ਸਬੰਧੀ ਇੰਟਰਲਾਕ ਲਾਉਣ ਵਾਲੇ ਠੇਕੇਦਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਫਾਟਕ ਤਕਰੀਬਨ ਚਾਰ ਦਿਨ ਬੰਦ ਰਹੇਗਾ। ਇਸ ਸਬੰਧੀ ਜਦੋਂ ਸਟੇਸ਼ਨ ਮਾਸਟਰ ਕਪੂਰਥਲਾ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਫਾਟਕ ਦੀ ਰਿਪੇਅਰ ਕਾਰਨ ਫਾਟਕ ਬੰਦ ਹੈ, ਛੇਤੀ ਖੋਲ੍ਹ ਦਿੱਤਾ ਜਾਵੇਗਾ।
ਅੱਜ ਆਮ ਆਦਮੀ ਪਾਰਟੀ ਵੱਲੋਂ ਸੁਲਤਾਨਪੁਰ ਰੋਡ ’ਤੇ ਧਰਨਾ ਦੇ ਕੇ ਸਾਰਾ ਦਿਨ ਟਰੈਫ਼ਿਕ ਬੰਦ ਰੱਖੀ ਗਈ ਉਥੇ ਡਾਈਵਰਟ ਰੋਡ ਰਾਹੀਂ ਆਉਣ ਵਾਲੇ ਲੋਕ ਵੀ ਅਣਅਧਿਕਾਰਤ ਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਨੂੰ ਬਗੈਰ ਸੂਚਿਤ ਕੀਤੇ ਫਾਟਕ ਬੰਦ ਹੋਣ ਨਾਲ ਪ੍ਰੇਸ਼ਾਨ ਰਹੇ। ਐੱਸਡੀਐੱਮ ਕਪੂਰਥਲਾ ਜੈਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਰੇਲਵੇ ਵਿਭਾਗ ਵੱਲੋਂ ਬਗੈਰ ਪ੍ਰਸ਼ਾਸਨ ਤੋਂ ਮਨਜ਼ੂਰੀ ਲਏ ਅਣਅਧਿਕਾਰਤ ਤੌਰ ’ਤੇ ਆਪਣੇ ਆਪ ਸਵੇਰ ਦਾ ਫਾਟਕ ਬੰਦ ਕੀਤਾ ਹੈ। ਜਿਸ ਸਬੰਧੀ ਉਹ ਰੇਲਵੇ ਅਧਿਕਾਰੀਆਂ ਨਾਲ ਬਣਦੀ ਕਾਨੂੰਨੀ ਕਾਰਵਾਈ ਕਰਨਗੇ।