ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਫਰਵਰੀ
ਜਲੰਧਰ ਛਾਉਣੀ ਤੋਂ ਤੀਜੀ ਵਾਰ ਚੋਣ ਮੈਦਾਨ ਵਿੱਚ ਉਤਰੇ ਪਰਗਟ ਸਿੰਘ ਵੱਲੋਂ ਪੇਸ਼ ਰਿਪੋਰਟ ਕਾਰਡ ਵਿੱਚ ਉਨ੍ਹਾਂ ਹਲਕੇ ਦੇ ਬਹੁਪੱਖੀ ਵਿਕਾਸ ਨੂੰ ਮੁੱਖ ਰੱਖਿਆ ਹੈ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਸਮੇਂ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਪਰਗਟ ਸਿੰਘ ਦਾ ਕਹਿਣਾ ਸੀ ਕਿ ਚੰਨੀ ਸਰਕਾਰ ਨੂੰ ਸਿਰਫ਼ 111 ਦਿਨ ਹੀ ਮਿਲੇ ਸਨ। ਇਨ੍ਹਾਂ ਤਿੰਨ ਮਹੀਨਿਆਂ ਵਿੱਚ ਉਨ੍ਹਾਂ ਪਿੰਡਾਂ ਤੇ ਸ਼ਹਿਰਾਂ ਦੇ ਜਿਹੜੇ ਵਿਕਾਸ ਕਾਰਜ ਕੀਤੇ ਹਨ, ਉਨ੍ਹਾਂ ਵਿੱਚ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਤੋਂ ਇਲਾਵਾ ਲੋਕਾਂ ਲਈ ਸਿਹਤ ਸਹੂਲਤਾਂ ਅਤੇ ਨੌਜਵਾਨਾਂ ਲਈ ਖੇਡ ਸੱਭਿਆਚਾਰ ਪੈਦਾ ਕਰਨਾ ਸ਼ਾਮਲ ਹਨ। ਮਿੱਠਾਪੁਰ ਸਟੇਡੀਅਮ ਨੂੰ ਅਪਗ੍ਰੇਡ ਕਰ ਕੇ 6.82 ਕਰੋੜ ਦੀ ਲਾਗਤ ਨਾਲ ਐਸਟਰੋਟਰਫ ਹਾਕੀ ਮੈਦਾਨ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਪਸਾਰ ਲਈ ਸੱਤ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰ ਕੇ ਹਾਈ ਤੋਂ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਗਿਆ। ਦੋ ਪਿੰਡਾਂ ਵਿੱਚ ਬੰਦ ਪਏ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਮੁੜ ਸ਼ੁਰੂ ਕਰਵਾਉਣਾ ਵੀ ਵੱਡੀ ਪ੍ਰਾਪਤੀ ਹੈ। ਕਰੋਨਾ ਮਹਾਮਾਰੀ ਦੌਰਾਨ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਪ੍ਰਤਾਪਪੁਰਾ ਵਿੱਚ ਸਬਜ਼ੀ ਮੰਡੀ ਦਾ ਨਿਰਮਾਣ ਕਰਵਾਇਆ ਗਿਆ। ਜਿਹੜੇ 11 ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਪਿੰਡਾਂ ਨੂੰ 150 ਕਰੋੜ ਦੀ ਗ੍ਰਾਂਟ ਦਿੱਤੀ ਗਈ ਸੀ ਜਿਨ੍ਹਾਂ ਵਿੱਚ ਸੀਵਰੇਜ ’ਤੇ 77 ਕਰੋੜ, ਪੀਣ ਵਾਲੇ ਪਾਣੀ ’ਤੇ 36 ਕਰੋੜ, ਸਟਰੀਟ ਲਾਈਟਾਂ ’ਤੇ ਇਕ ਕਰੋੜ, ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ’ਤੇ 35 ਤੋਂ 40 ਕਰੋੜ ਰੁਪਏ ਖਰਚੇ ਗਏ ਹਨ।
ਸ਼ਹਿਰੀ ਹਲਕੇ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਲੰਧਰ ਛਾਉਣੀ ’ਚ ਪਿਛਲੇ 40 ਸਾਲਾਂ ਤੋਂ ਫਾਇਰ ਬ੍ਰਿਗੇਡ ਦੀ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ। ਜਲੰਧਰ ਕੰਟੋਨਮੈਂਟ ਬੋਰਡ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਦਿੱਤੀ। ਜਲੰਧਰ ਛਾਉਣੀ ਵਾਸੀਆਂ ਨੂੰ ਪਹਿਲੀ ਵਾਰ 15 ਕਰੋੜ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ। ਅਰਬਨ ਅਸਟੇਟ ਤੋਂ ਜਮਸ਼ੇਰ ਡੇਅਰੀਆਂ ਤੱਕ 77 ਕਰੋੜ ਦੀ ਲਾਗਤ ਨਾਲ ਗੰਦਾ ਨਾਲਾ ਪੂਰਨ ਦਾ ਪ੍ਰਾਜੈਕਟ ਸ਼ੁਰੂ ਕਰਵਾਇਆ ਗਿਆ। ਇਸ ’ਤੇ 36 ਕਰੋੜ ਦੀ ਲਾਗਤ ਨਾਲ ਸੈਰ ਕਰਨ ਲਈ ਟਰੈਕ ਅਤੇ ਸਾਈਕਲ ਟਰੈਕ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਮੁੜ ਸੱਤਾ ਵਿੱਚ ਆਈ ਤਾਂ ਹਲਕੇ ਦੀ ਕਾਇਆ-ਕਲਪ ਕੀਤੀ ਜਾਵੇਗੀ।