ਪਾਲ ਸਿੰਘ ਨੌਲੀ
ਜਲੰਧਰ, 22 ਸਤੰਬਰ
ਸਾਬਕਾ ਓਲੰਪੀਅਨ ਤੇ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਦੋਆਬੇ ਵਿੱਚ ਕਾਂਗਰਸ ਦੇ ਵੱਡੇ ਆਗੂ ਵਜੋਂ ਉੱਭਰੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਪਰਗਟ ਸਿੰਘ ਨੇ ਸਿੱਧੇ ਤੌਰ ’ਤੇ ਉਨ੍ਹਾਂ ਨਾਲ ਆਢ੍ਹਾ ਲਿਆ ਸੀ ਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਇਥੋਂ ਤੱਕ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਵਿਰੁੱਧ ਵੀ ਉਨ੍ਹਾਂ ਨੇ ਉਸ ਵੇਲੇ ਤਿੱਖੀ ਬਿਆਨਬਾਜ਼ੀ ਕੀਤੀ ਸੀ ਜਦੋਂ ਹਰੀਸ਼ ਰਾਵਤ ਨੇ ਇਹ ਕਹਿ ਦਿੱਤਾ ਸੀ ਕਿ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ। ਪਰਗਟ ਸਿੰਘ ਦੀ ਇਸ ਬੇਬਾਕੀ ਕਾਰਨ ਉਨ੍ਹਾਂ ਦਾ ਲੋਕਾਂ ਵਿੱਚ ਚੰਗਾ ਸੁਨੇਹਾ ਗਿਆ ਸੀ। ਜਦੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਨਰਲ ਸਕੱਤਰ (ਜਥੇਬੰਦਕ) ਬਣਾਇਆ ਸੀ ਤਾਂ ਉਸ ਤੋਂ ਛੇਤੀ ਬਾਅਦ ਉਨ੍ਹਾਂ ਨੇ ਹਰੀਸ਼ ਰਾਵਤ ਦੇ ਬਿਆਨ ਦਾ ਠੋਕਵਾਂ ਜਵਾਬ ਦਿੱਤਾ ਸੀ। ਹੁਣ ਕਾਂਗਰਸ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਜਨਰਲ ਸਕੱਤਰ ਬਣਾ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਵਿਚ ਏਨੀ ਛੇਤੀ ਤਰੱਕੀ ਹਾਸਲ ਕਰਨ ਵਾਲੇ ਦੋਆਬੇ ਦੇ ਉਹ ਪਹਿਲੇ ਆਗੂ ਹਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਵਿਚੋਂ ਆ ਕੇ ਕਾਂਗਰਸ ਵਿੱਚ ਬੁਲੰਦੀਆਂ ’ਤੇ ਪਹੁੰਚ ਗਏ ਹਨ।