ਪੱਤਰ ਪ੍ਰੇਰਕ
ਫਗਵਾੜਾ, 3 ਫਰਵਰੀ
ਇਥੋਂ ਦੇ ਮੁਹੱਲਾ ਉਂਕਾਰ ਨਗਰ ਦੇ ਰਹਿਣ ਵਾਲੇ ਤਿੰਨ ਬੱਚੇ ਜੋ ਕੱਲ੍ਹ ਤੋਂ ਲਾਪਤਾ ਹਨ ਉਨ੍ਹਾਂ ਦਾ ਅੱਜ ਵੀ ਕੋਈ ਸੁਰਾਗ ਨਾ ਲੱਗਣ ਕਾਰਨ ਮਾਪਿਆਂ ਦੀ ਚਿੰਤਾ ਵੱਧ ਗਈ ਹੈ ਤੇ ਮਾਪੇ ਕਾਫ਼ੀ ਪ੍ਰੇਸ਼ਾਨ ਹਨ। ਅੱਜ ਸਵੇਰ ਤੋਂ ਹੀ ਪੁਲੀਸ ਵੱਖ ਵੱਖ ਥਾਵਾਂ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਣ ’ਚ ਡੱਟੀ ਰਹੀ ਪਰ ਕੋਈ ਵੀ ਅਹਿਮ ਸੁਰਾਗ ਪੁਲੀਸ ਦੇ ਹੱਥ ਨਹੀਂ ਲੱਗ ਸਕਿਆ।
ਉਂਕਾਰ ਨਗਰ ਦੇ ਰਹਿਣ ਵਾਲੇ ਤਿੰਨ ਬੱਚੇ ਜਿਨ੍ਹਾਂ ’ਚ ਵਿਸ਼ਾਲ, ਲਵ, ਹੈਪੀ ਸ਼ਾਮਲ ਹਨ ਤੇ ਇਹ ਸਰਕਾਰੀ ਸੈਕੰਡਰੀ ਸਕੂਲ ਖੋਥੜਾ ’ਚ ਛੇਵੀਂ ਜਮਾਤ ਵਿੱਚ ਪੜ੍ਹਦੇ ਹਨ। ਇਹ ਬੱਚੇ ਕੱਲ੍ਹ ਘਰੋਂ ਸਕੂਲ ਪੜ੍ਹਨ ਗਏ ਸਨ ਤੇ ਵਾਪਸ ਘਰ ਨਹੀਂ ਪੁੱਜੇ। ਪੁਲੀਸ ਵੱਲੋਂ ਰਾਤ ਤੋਂ ਹੀ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਅੱਜ ਪੁਲੀਸ ਵੱਲੋਂ ਸਵੇਰੇ ਸਕੂਲ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਜਿਸ ’ਚ ਬੱਚੇ ਸਕੂਲ ’ਚ ਦਾਖ਼ਲ ਹੁੰਦੇ ਨਜ਼ਰ ਆ ਰਹੇ ਹਨ ਤੇ ਕਲਾਸ ’ਚ ਦਾਖ਼ਲ ਹੋਣ ਤੋਂ ਪਹਿਲਾ ਵੀ ਵਾਪਸ ਚੱਲੇ ਜਾਂਦੇ ਹਨ। ਜਿਸ ਤੋਂ ਬਾਅਦ ਪੁਲੀਸ ਨੇ ਉਸ ਇਲਾਕੇ ’ਚ ਲੱਗੇ ਵੱਖ ਵੱਖ ਕੈਮਰਿਆਂ ਨੂੰ ਵੀ ਖੰਗਾਲਿਆਂ। ਜਿਸ ’ਚ ਇਹ ਦੁਸਾਂਝਾ ਪੁਲੀ ਤੱਕ ਪੁੱਜਦੇ ਨਜ਼ਰ ਆ ਰਹੇ ਹਨ।