ਪਾਲ ਸਿੰਘ ਨੌਲੀ
ਜਲੰਧਰ, 20 ਅਕਤੂਬਰ
ਸਕੂਲ ਖੁੱਲ੍ਹਣ ਦੇ ਬਾਵਜੂਦ ਅਜੇ ਪਹਿਲਾਂ ਵਾਲਾ ਮਾਹੌਲ ਨਹੀਂ ਪਰਤ ਰਿਹਾ। ਪੰਜਾਬ ਭਰ ਵਿੱਚ ਸਕੂਲ ਖੁੱਲ੍ਹਣ ਦੇ ਦੂਜੇ ਦਿਨ ਭਾਵੇਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਹੋਇਆ ਪਰ ਮਾਪੇ ਅੱਜ ਵੀ ਆਪਣੇ ਬੱਚਿਆਂ ਨੂੰ ਲੈ ਕੇ ਫਿਕਰਮੰਦ ਰਹੇ। ਯੂਰਪ ਦੇ ਕਈ ਦੇਸ਼ਾਂ ਵਿੱਚ ਕਰੋਨਾਵਾਇਰਸ ਨੇ ਮੁੜ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਮਾਈ ਹੀਰਾਂ ਗੇਟ ਦੇ ਇੱਕ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਛੱਡਣ ਆਏ ਮਾਪਿਆਂ ਦਾ ਕਹਿਣਾ ਸੀ ਕਿ ਇੰਗਲੈਂਡ, ਫਰਾਂਸ, ਇਟਲੀ ਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਕਰੋਨਾਵਾਇਰਸ ਦੇ ਮੁੜ ਫੈਲਣ ਦੀਆਂ ਖ਼ਬਰਾਂ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹਾਂ ਮਾਪਿਆਂ ਦਾ ਕਹਿਣਾ ਸੀ ਕਿ ਪਹਿਲਾਂ ਵੀ ਕੇਂਦਰ ਸਰਕਾਰ ਨੇ ਲਾਪ੍ਰਵਾਹੀ ਵਰਤੀ ਸੀ ਜਿਸ ਕਾਰਨ ਲੋਕਾਂ ਨੂੰ ਦੁਨੀਆਂ ਦੇ ਸਭ ਤੋਂ ਸਖ਼ਤ ਲੌਕਡਾਊਨ ਦਾ ਸਾਹਮਣਾ ਕਰਨਾ ਪਿਆ ਸੀ। ਦੋ ਦਿਨਾਂ ਤੋਂ ਖੁੱਲ੍ਹ ਰਹੇ ਸਕੂਲਾਂ ਵਿੱਚ ਦੋ ਸ਼ਿਫਟਾਂ ’ਚ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਹਿਲੀ ਸਿਫ਼ਟ ਸਵੇਰੇ 9 ਵਜੇ ਤੋਂ 12 ਵਜੇ ਤੱਕ ਤੇ ਦੂਜੀ ਸ਼ਿਫਟ ਵਿੱਚ ਦੁਪਹਿਰੇ ਇੱਕ ਵਜੇ ਤੋਂ ਤਿੰਨ ਵਜੇ ਤੱਕ ਕਲਾਸਾਂ ਲੱਗਣਗੀਆਂ। ਵਿਦਿਆਰਥੀਆਂ ਲਈ ਸਕੂਲ ਤਿੰਨ ਘੰਟਿਆਂ ਲਈ ਖੁੱਲ੍ਹ ਰਹੇ ਹਨ, ਇਸ ਲਈ ਉਸ ਵਿਚ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਬ੍ਰੇਕ ਨਹੀਂ ਦਿੱਤੀ ਜਾ ਰਹੀ। ਪ੍ਰਿੰਸੀਪਲਾਂ ਦਾ ਮੰਨਣਾ ਹੈ ਕਿ ਜੇ ਬ੍ਰੇਕ ਦਿੱਤੀ ਤਾਂ ਬੱਚੇ ਇਕ ਦੂਸਰੇ ਦੇ ਸੰਪਰਕ ਵਿਚ ਆ ਸਕਦੇ ਹਨ। ਵਿਦਿਆਰਥੀਆਂ ਦਾ ਆਪਸੀ ਸੰਪਰਕ ਨਾ ਹੋਵੇ ਇਸ ਲਈ ਹੀ ਬਿਨਾਂ ਰੁਕੇ ਪੜ੍ਹਾਈ ਜਾਰੀ ਰੱਖੀ ਜਾ ਰਹੀ ਹੈ।