ਪਾਲ ਸਿੰਘ ਨੌਲੀ
ਜਲੰਧਰ, 24 ਫਰਵਰੀ
ਯੂਕਰੇਨ ’ਤੇ ਹੋਏ ਰੂਸੀ ਹਮਲੇ ਨਾਲ ਪੰਜਾਬ ਵਿੱਚ ਬੈਠੇ ਮਾਪਿਆਂ ਦੀ ਜਾਨ ਮੁੱਠੀ ਵਿੱਚ ਆ ਗਈ ਹੈ ਜਿੰਨ੍ਹਾਂ ਦੇ ਬੱਚੇ ਬੰਕਰਾਂ ਵਿੱਚ ਬੈਠੇ ਹਨ ਤੇ ਉਨ੍ਹਾਂ ਦੇ ਸਿਰਾਂ ਉੱਪਰ ਦੀ ਬੰਬ ਤੇ ਟੈਂਕਾਂ ਦੇ ਗੋਲ ਲੰਘ ਰਹੇ ਹਨ। ਯੂਕਰੇਨ ’ਤੇ ਹੋ ਰਹੇ ਹਮਲਿਆਂ ਨੇ ਮਾਪਿਆਂ ਦੀਆਂ ਫਿਕਰਾਂ ਵਧਾ ਦਿੱਤੀਆਂ ਹਨ। ਕਈ ਮਾਪਿਆਂ ਦਾ ਕਹਿਣਾ ਸੀ ਕਿ ਹਵਾਈ ਟਿਕਟਾਂ ਦਾ ਪਹਿਲਾਂ ਪ੍ਰਬੰਧ ਹੋ ਜਾਂਦਾ ਤਾਂ ਅੱਜ ਉਨ੍ਹਾਂ ਦੇ ਬੱਚੇ ਪਰਿਵਾਰਾਂ ਵਿੱਚ ਹੁੰਦੇ ਨਾ ਕਿ ਆਪਣੀ ਜਾਨ ਬਚਾਉਣ ਲਈ ਬੰਕਰਾਂ ਵਿੱਚ ਸ਼ਰਨਾਥੀ ਬਣ ਕੇ ਬੈਠੇ ਹੁੰਦੇ। ਹਵਾਈ ਟਿਕਟਾਂ ਦੇ ਰੇਟ ਵੀ ਬਹੁਤ ਵੱਧ ਗਏ ਹਨ।
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਐਵੀਨਿਊ ਵਿੱਚ ਰਹਿੰਦੇ ਹੇਮੰਤ ਸ਼ਰਮਾ ਦੇ ਪਰਿਵਾਰ ਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਦਾ ਪੁੱਤਰ ਅਨਿਕੇਤ ਸ਼ਰਮਾ ਜੋ ਕਿ ਯੂਕਰੇਨ ਦੇ ਸਟੱਡੀ ਵੀਜ਼ੇ ’ਤੇ ਗਿਆ ਹੋਇਆ ਹੈ, ਨੇ ਚਾਰ ਦਿਨਾਂ ਵਿੱਚ ਵਾਪਸ ਆ ਜਾਣਾ ਸੀ। ਹੇਮੰਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ 27 ਫਰਵਰੀ ਨੂੰ ਵਾਪਸ ਭਾਰਤ ਲਈ ਉਡਾਣ ਭਰਨੀ ਸੀ ਪਰ ਅੱਜ ਸਵੇਰੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਰੂਸ ਨੇ ਹਮਲਾ ਕਰ ਦਿੱਤਾ ਹੈ, ਤਾਂ ਆਪਣੇ ਪੁੱਤ ਨੂੰ ਜੰਗ ਦੇ ਖਤਰੇ ਤੋਂ ਬਚਾਉਣ ਦੀਆਂ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਇਹ ਕਹਿੰਦਿਆ ਹੇਮੰਤ ਸ਼ਰਮਾ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਤੇ ਉਸ ਨੇ ਅੱਖਾਂ ਬੰਦ ਕਰਦਿਆਂ ਆਪਣੇ ਪੁੱਤ ਦੀ ਸੁੱਖ ਮੰਗੀ।
ਹੇਮੰਤ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸੇ ਗੱਲ ਦਾ ਡਰ ਲੱਗ ਰਿਹਾ ਸੀ ਕਿ ਕਿਧਰੇ ਉਨ੍ਹਾਂ ਦੇ ਪੁੱਤ ਦੀ ਉਡਾਣ ਤੋਂ ਪਹਿਲਾਂ ਜੰਗ ਜੰਗ ਨਾ ਲੱਗ ਜਾਵੇ। ਉਨ੍ਹਾਂ ਦਾ ਡਰ ਸੱਚ ਵਿੱਚ ਬਦਲ ਗਿਆ। ਇੱਥੋਂ ਤੱਕ ਕਿ ਏਅਰ ਇੰਡੀਆ ਦੀ ਫਲਾਈਟ ਜੋ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਯੂਕਰੇਨ ਨੂੰ ਜਾ ਵੀ ਰਹੀ ਸੀ, ਨੂੰ ਅੱਧ ਵਿਚਕਾਰੋਂ ਵਾਪਸ ਬੁਲਾ ਲਿਆ ਹੈ। ਹੇਮੰਤ ਸ਼ਰਮਾ ਨੇ ਕਿਹਾ ਕਿ ਉਹ ਰੇਲਵੇ ਲਈ ਕੰਮ ਕਰਦੇ ਹਨ। ਹੇਮੰਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਉਥੇ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਤੋਂ ਐਮਬੀਬੀਐਸ ਕਰ ਰਿਹਾ ਹੈ। ਉਹ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਉਹ ਉੱਥੇ ਇੱਕ ਹੋਸਟਲ ਵਿੱਚ ਰਹਿ ਰਿਹਾ ਹੈ। ਉਨ੍ਹਾਂ ਦੀ ਯੂਨੀਵਰਸਿਟੀ ਦੇ ਅਧਿਕਾਰੀ ਸੁਰੱਖਿਆ ਦੇ ਮਕਸਦ ਨਾਲ ਸਾਰੇ ਵਿਦਿਆਰਥੀਆਂ ਨੂੰ ਇਮਾਰਤ ਦੀ ਬੇਸਮੈਂਟ ਵਿੱਚ ਲੈ ਗਏ ਹਨ। ਉਥੇ ਉਸ ਦੇ ਨਾਲ ਜਲੰਧਰ ਦੇ ਦੋ ਹੋਰ ਦੋਸਤ ਵੀ ਹਨ। ਉਹ ਸਾਡੇ ਵਾਂਗ ਹੀ ਅੱਜ ਸਵੇਰੇ ਥੋੜ੍ਹਾ ਘਬਰਾਇਆ ਹੋਇਆ ਸੀ ਜਦੋਂ ਉਸ ਨੇ ਫ਼ੋਨ ’ਤੇ ਸਾਡੇ ਨਾਲ ਸੰਪਰਕ ਕੀਤਾ ਸੀ। ਅਸੀਂ ਉਸ ਦਾ ਹੌਸਲਾ ਵਧਾਉਂਦੇ ਰਹੇ। ਜਲੰਧਰ ਦੇ ਹੀ ਡਾਕਟਰ ਅਸ਼ਵਨੀ ਸ਼ਰਮਾ ਦਾ ਪੁੱਤਰ ਈਸ਼ਾਨ ਸ਼ਰਮਾ, ਉਸ ਦਾ ਭਤੀਜਾ ਪ੍ਰਥਮ ਸ਼ਰਮਾ ਅਤੇ ਭਤੀਜੀ ਵੰਸ਼ਿਕਾ ਵੀ ਯੂਕਰੇਨ ਤੋਂ ਐਮਬੀਬੀਐਸ ਕਰ ਰਹੇ ਹਨ। ਉਨ੍ਹਾਂ ਦੀ 25 ਫਰਵਰੀ ਦੀ ਫਲਾਈਟ ਸੀ ਪਰ ਹੁਣ ਉਹ ਵੀ ਉੱਥੇ ਹੀ ਫਸ ਗਏ ਹਨ। ਇਨ੍ਹਾਂ ਤਿੰਨਾਂ ਨੇ ਕੱਲ੍ਹ ਵਾਪਸੀ ਲਈ ਉਡਾਣ ਭਰਨੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਹੁਣ ਕੀਵ ਤੋਂ 50 ਕਿਲੋਮੀਟਰ ਦੂਰ ਇੱਕ ਥਾਂ ’ਤੇ ਬੰਕਰ ਵਿੱਚ ਹਨ।
ਘਰ ਪਰਤਣ ਦੀ ਨਹੀਂ ਸੀ ਕੋਈ ਯੋਜਨਾ: ਮਨਪ੍ਰੀਤ
ਇੱਥੇ ਦੇ ਟੀਵੀ ਟਾਵਰ ਇਲਾਕੇ ਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਯੂਕਰੇਨ ਸਟੱਡੀ ਵੀਜ਼ੇ ’ਤੇ ਗਿਆ ਸੀ ਅਤੇ 15 ਫਰਵਰੀ ਨੂੰ ਘਰ ਵਾਪਸ ਆਇਆ ਸੀ। ਮਨਪ੍ਰੀਤ ਨੇ ਕਿਹਾ ਕਿ ਉਸ ਦੀ ਘਰ ਵਾਪਸ ਆਉਣ ਦੀ ਕੋਈ ਯੋਜਨਾ ਨਹੀਂ ਸੀ ਪਰ ਘਰਦਿਆਂ ਨੇ ਜ਼ੋਰ ਦੇ ਕੇ ਵਾਪਸ ਬੁਲਾ ਲਿਆ ਸੀ।