ਗੁਰਦੇਵ ਸਿੰਘ ਗਹੂੰਣ
ਬਲਾਚੌਰ, 3 ਜਨਵਰੀ
ਸਿਹਤ ਵਿਭਾਗ ਵਿੱਚ ਕੰਮ ਕਰਦੇ ਪੈਰਾ -ਮਡੀਕਲ ਕਰਮਚਾਰੀਆਂ ਵੱਲੋਂ ਆਪਣੇ ਕੱਟੇ ਹੋਏ ਭੱਤਿਆਂ ਨੂੰ ਮੁੜ ਬਹਾਲ ਕਰਾਉਣ, 2020 ਤੋਂ ਬਾਅਦ ਭਰਤੀ ਹੋਏ ਸਿਹਤ ਮੁਲਾਜ਼ਮਾਂ ਲਈ ਸੱਤਵੇਂ ਸਕੇਲ ਨੂੰ ਰੱਦ ਕਰ ਕੇ ਪੰਜਾਬ ਦਾ ਸਕੇਲ ਲਗਾਉਣ ਆਦਿ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਬਲਾਚੌਰ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਹੈ। ਅੱਜ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ, ਰਾਜਪਾਲ, ਦਿਲਬਾਗ ਸਿੰਘ, ਨਿਰਮਲ ਸਿੰਘ, ਰਾਮ ਗੋਪਾਲ, ਅਮਰਜੀਤ ਕੁਮਾਰ, ਸੁਨੀਲ ਕੁਮਾਰ, ਬਲਵਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਕਿਹਾ ਕਿ ਐਨ.ਐਚ.ਐਮ. ਕਰਮਚਾਰੀ ਬਹੁਤ ਹੀ ਘੱਟ ਤਨਖਾਹਾਂ ‘ਤੇ ਲੰਬੇ ਸਮੇਂ ਤੋਂ ਸਿਹਤ ਵਿਭਾਗ ਦੀਆਂ ਐਮਰਜੈਂਸੀ ਸੇਵਾਵਾਂ ਤੋਂ ਲੈ ਕੇ ਸਾਰੀਆਂ ਸੇਵਾਵਾਂ ਨਿਭਾਅ ਰਹੇ ਹਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਤਾਂ ਕੀ ਮੰਨਣੀਆਂ ਸੀ, ਸਗੋਂ ਰੈਗੂਲਰ ਮੁਲਾਜ਼ਮਾਂ ਦੇ 37 ਪ੍ਰਕਾਰ ਦੇ ਭੱਤੇ ਮੁੜ ਬਹਾਲ ਕਰਨ ਤੋਂ ਵੀ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਾਰ-ਵਾਰ ਮੀਟਿੰਗਾਂ ਹੋਣ ’ਤੇ ਵਾਅਦੇ ਪੂਰੇ ਨਹੀਂ ਕਰ ਰਹੀ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਬਿਨਾਂ ਸ਼ਰਤ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਕਰੋਨਾ ਯੋਧੇ ਦਾ ਮਾਣ ਦੇਵੇ, ਮੁਲਾਜ਼ਮਾਂ ਦੇ ਕੱਟੇ ਹੋਏ ਭੱਤੇ ਬਹਾਲ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਮੰਗਾਂ ਨਾ ਮੰਨਣ ‘ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਸਿਹਤ ਕਾਮਿਆਂ ਦੀ ਹੜਤਾਲ ਜਾਰੀ
ਸ਼ਾਹਕੋਟ (ਪੱਤਰ ਪ੍ਰੇਰਕ): ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਸ਼ਾਹਕੋਟ ਦੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਹੜਤਾਲ ਅੱਜ ਵੀ ਜਾਰੀ ਰਹੀ। ਹੜਤਾਲ ਵਿੱਚ ਮਾਸ ਮੀਡੀਆ ਆਫੀਸਰਜ਼ ਐਸੋਸੀਏਸ਼ਨ, ਮਲਟੀਪਰਪਜ਼ ਹੈਲਥ ਇੰਪਲਾਈਜ਼ ਐਸੋਸੀਏਸ਼ਨ, ਫਾਰਮੇਸੀ ਐਸੋਸੀਏਸ਼ਨ ਤੇ ਰੇਡੀਓਗ੍ਰਾਫਰ ਐਸੋਸੀਏਸ਼ਨ ਆਦਿ ਨੇ ਭਾਗ ਲਿਆ।