ਜਗਜੀਤ ਸਿੰਘ
ਮੁਕੇਰੀਆਂ, 29 ਅਕਤੂਬਰ
ਨੇੜਲੇ ਪਿੰਡ ਖਾਨਪੁਰ ’ਚ ਝੋਨੇ ਦੀ ਕਟਾਈ ਕਰਦੀ ਕੰਬਾਈਨ ਨੂੰ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਹੋਏ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਬਿਜਲੀ ਸਪਲਾਈ ਠੱਪ ਹੋ ਜਾਣ ਕਾਰਨ ਕੰਬਾਈਨ ਚਾਲਕ ਤੇ ਨਾਲ ਬੈਠਾ ਸਹਾਇਕ ਵਾਲ ਵਾਲ ਬਚ ਗਏ। ਦਸੂਹਾ ਤੋਂ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਵਲੋਂ ਕਾਫੀ ਮੁਸ਼ੱਕਤ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ, ਪਰ ਅੱਗ ਲੱਗਣ ਕਾਰਨ ਕੰਬਾਈਨ ਦਾ ਕਾਫੀ ਨੁਕਸਾਨ ਹੋ ਗਿਆ।
ਜਾਣਕਾਰੀ ਅਨੁਸਾਰ ਪਿੰਡ ਖਾਨਪੁਰ ’ਚ ਇੱਕ ਕਿਸਾਨ ਦੇ ਖੇਤਾਂ ਵਿੱਚ ਝੋਨੇ ਦੀ ਕਟਾਈ ਕੰਬਾਈਨ ਚਾਲਕ ਹੀਰਾ ਨਿਵਾਸੀ ਮਹਿਉਦੀਨਪੁਰ ਅਤੇ ਉਸ ਦੇ ਸਹਾਇਕ ਸਾਥੀ ਭਜਨ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਕਟਾਈ ਕਰਦੇ ਸਮੇਂ ਕੰਬਾਈਨ ਖੇਤ ਵਿੱਚੋ ਲੰਘਦੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਟਕਰਾ ਗਈ। ਕੰਬਾਈਨ ਤਾਰਾਂ ਨਾਲ ਟਕਰਾਉਣ ਉਪਰੰਤ ਹੋਈ ਸਪਾਰਕਿੰਗ ਨਾਲ ਕੰਬਾਈਨ ਨੂੰ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੁਹੰਚੇ ਨਗਰ ਕੌਂਸਲ ਦਸੂਹਾ ਦੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ।
ਤੂੜੀ ਦੇ ਗੁਦਾਮ ਨੂੰ ਅੱਗ ਲੱਗੀ
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਸਥਾਨਕ ਵੈਰੋਵਾਲ ਰੋਡ ਉੱਪਰ ਇਕ ਤੂੜੀ ਦੇ ਗੁਦਾਮ ਵਿੱਚ ਅੱਗ ਲੱਗ ਗਈ, ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਤੂੜੀ ਵਾਲ਼ੇ ਗੁਦਾਮ ਦੇ ਮਾਲਕ ਮਹਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਵਾੜੇ ਵਿਚ ਜਾਨਵਰਾਂ ਲਈ ਤੂੜੀ ਰੱਖੀ ਹੋਈ ਹੈ ਅਤੇ ਵਾੜੇ ਵਿਚ ਕੁਝ ਸਬਜ਼ੀ ਵਿਕਰੇਤਾ ਵੀ ਰਹਿੰਦੇ ਹਨ। ਉਨ੍ਹਾਂ ਦੱਸਿਆ ਅੱਜ ਵੱਡੇ ਤੜਕੇ ਜਦੋਂ ਸਬਜ਼ੀ ਵਿਕਰੇਤਾ ਮੰਡੀ ਜਾਣ ਲਈ ਨਿਕਲੇ ਤਾਂ ਉਨ੍ਹਾਂ ਦੇਖਿਆ ਤੂੜੀ ਵਾਲ਼ੇ ਗੁਦਾਮ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਫਾਇਰ ਬਿ੍ਗੇਡ ਨੂੰ ਦਿੱਤੀ, ਫਾਇਰ ਬਿ੍ਗੇਡ ਦੀਆਂ ਗਡੀਆਂ ਨੇ ਮੌਕੇ ਉਪਰ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ। ਫਾਇਰ ਬਿ੍ਗੇਡ ਦੇ ਮੌਕੇ ਉਪਰ ਪਹੁੰਚ ਜਾਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।