ਪੱਤਰ ਪ੍ਰੇਰਕ
ਹੁਸ਼ਿਆਰਪੁਰ, 19 ਜੁਲਾਈ
ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦੇ ਮੰਤਵ ਨਾਲ ਸਿਵਲ ਹਸਪਤਾਲ ਹੁਸ਼ਿਆਰਪੁਰ ’ਚ ਆਕਸੀਜਨ ਪਲਾਂਟ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੀਤਾ। ਇਸ ਮੌਕੇ ਸ੍ਰੀ ਅਰੋੜਾ ਨੇ ਕਿਹਾ ਕਿ ਇਹ ਪਲਾਂਟ ਰੋਜ਼ਾਨਾ 250 ਸਿਲੰਡਰ ਭਰਨ ਦੇ ਸਮਰੱਥ ਹੋਵੇਗਾ ਅਤੇ ਇਸ ਰਾਹੀਂ ਹਸਪਤਾਲ ਦੇ 50 ਆਈ.ਸੀ.ਯੂ. ਬੈਡਾਂ ਨੂੰ ਆਕਸੀਜਨ ਦੀ ਸਪਲਾਈ ਸਿੱਧੇ ਤੌਰ ’ਤੇ ਪ੍ਰਾਪਤ ਹੋਵੇਗੀ। ਇਸ ਪਲਾਂਟ ਨੂੰ ਸਥਾਪਿਤ ਕਰਨ ’ਤੇ 1.40 ਕਰੋੜ ਰੁਪਏ ਦਾ ਖਰਚ ਆਇਆ ਹੈ। ਸਿਵਲ ਸਰਜਨ ਡਾ. ਰਣਜੀਤ ਘੋਤੜਾ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿਚ ਕੋਵਿਡ ਦੇ ਪੱਧਰ 2 ਅਤੇ 3 ਦੇ ਮਰੀਜ਼ਾਂ ਨੂੰ ਮੈਡੀਕਲ ਇਲਾਜ ਦੇਣ ਦੀ ਸਮਰੱਥਾ ਹੈ। ਉਦਘਾਟਨ ਮੌਕੇ ਮੇਅਰ ਸੁਰਿੰਦਰ ਕੁਮਾਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਕੇਸ਼ ਮਰਵਾਹਾ, ਸਹਾਇਕ ਡਿਪਟੀ ਕਮਸ਼ਿਨਰ ਵਿਸ਼ੇਸ਼ ਸਾਰੰਗਲ, ਐਸ.ਡੀ.ਐਮ ਸ਼ਿਵਰਾਜ ਸਿੰਘ ਆਦਿ ਹਾਜ਼ਰ ਸਨ।